ਇਸਲਾਮਾਬਾਦ: ਕਰਤਾਰਪੁਰ ਕੌਰੀਡੋਰ ਖੋਲ੍ਹ ਕੇ ਪਾਕਿਸਤਾਨ ਵੱਲੋਂ ਸਿੱਖਾਂ ਦੇ ਮਨਾਂ ਅੰਦਰ ਬਣਾਈ ਥਾਂ ਨੂੰ ਲਾਹੌਰ ਸਥਿਤ ਇਤਿਹਾਸਕ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਨਾਲ ਠੇਸ ਲੱਗੀ ਹੈ। ਸਾਰੀਆਂ ਸਿੱਖ ਸੰਸਥਾਵਾਂ ਨੇ ਇਸ ਪੁਰਜ਼ੋਰ ਨਿੰਦਾ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਿੱਖਾਂ ਦੇ ਮਨਾਂ ਵਿੱਚ ਸਹਿਮ ਹੈ।

ਦੂਜੇ ਪਾਸੇ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਗੁਰਦੁਆਰਾ ਨਨਕਾਣਾ ਸਾਹਿਬ ਦੀ ਬੇਅਦਬੀ ਨਹੀਂ ਹੋਈ। ਵਿਭਾਗ ਨੇ ਕਿਹਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦਾ ਜਨਮ ਅਸਥਾਨ ‘ਅਣਛੋਹਿਆ’ ਸੀ ਤੇ ਰਹੇਗਾ ਤੇ ਇਸ ਨੂੰ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਪੁੱਜਾ ਹੈ। ਸਿੱਖਾਂ ਲਈ ਮੁਕੱਦਸ ਥਾਵਾਂ ’ਚੋਂ ਇੱਕ ਇਸ ਗੁਰਦੁਆਰੇ ਦੀ ‘ਭੰਨਤੋੜ ਕੀਤੇ ਜਾਣ ਦੇ ਦਾਅਵੇ’ ਬਿਲਕੁਲ ਝੂਠੇ ਤੇ ਬੇਬੁਨਿਆਦ ਹਨ।

ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਬਿਆਨ ਵਿੱਚ ਕਿਹਾ ਕਿ ਪੰਜਾਬ ਸੂਬੇ ਦੀ ਸੂਬਾਈ ਅਥਾਰਿਟੀ ਨੇ ਉਨ੍ਹਾਂ ਨੂੰ ਨਨਕਾਣਾ ਸਾਹਿਬ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਦੋ ਮੁਸਲਿਮ ਧਿਰਾਂ ਦੇ ਹੱਥੋਪਾਈ ਹੋਣ ਸਬੰਧੀ ਸੂਚਿਤ ਕੀਤਾ ਸੀ। ਚਾਹ ਦੀ ਫੜੀ ’ਤੇ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਫੌਰੀ ਦਖ਼ਲ ਦਿੰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਵਿਦੇਸ਼ ਦਫ਼ਤਰ ਨੇ ਕਿਹਾ, ‘ਇਸ ਘਟਨਾ ਨੂੰ ਜਾਣਬੁੱਝ ਕੇ ਫਿਰਕੂ ਰੰਗਤ ਦੇਣ ਦੇ ਯਤਨ ਕੀਤੇ ਜਾ ਰਹੇ ਹਨ।

ਅਸਲੀਅਤ ਜਾਣਨ ਲਈ ਸ਼੍ਰੋਮਣੀ ਕਮੇਟੀ ਨੇ ਲਹਿੰਦੇ ਪੰਜਾਬ ਦੇ ਗਵਰਨਰ, ਔਕਾਫ ਬੋਰਡ ਤੇ ਪਾਕਿਸਤਾਨੀ ਸਫਾਰਤਖਾਨੇ ਨੂੰ ਪੱਤਰ ਭੇਜ ਕੇ ਉੱਥੇ ਸਿੱਖ ਵਫ਼ਦ ਭੇਜਣ ਦੀ ਆਗਿਆ ਮੰਗੀ ਹੈ। ਵਫਦ ਵੀਜ਼ਾ ਮਿਲਣ ਮਗਰੋਂ ਵਫ਼ਦ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। ਇਸ ਲਈ ਅਸਲੀਅਤ ਵਫਦ ਦੇ ਦੌਰੇ ਮਗਰੋਂ ਹੀ ਸਾਹਮਣੇ ਆਏਗੀ। ਸੂਤਰਾਂ ਮੁਤਾਬਕ ਨਨਕਾਣਾ ਸਾਹਿਬ ਪੁਲਿਸ ਨੇ ਇਸ ਮਾਮਲੇ ਵਿੱਚ ਭੰਨ-ਤੋੜ ਕਰਨ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ 42 ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਹੈ।