ਵਾਸ਼ਿੰਗਟਨ: ਅਮਰੀਕੀ ਤੇ ਇਰਾਨ ਵਿਚਾਲੇ ਤਣਾਅ ਮਗਰੋਂ ਹਾਲਾਤ ਵਿਗੜਦੇ ਜਾ ਰਹੇ ਹਨ। ਇਸ ਦਾ ਨਾਲ ਹੀ ਚਰਚਾ ਜ਼ੋਰਾਂ 'ਤੇ ਹੈ ਕਿ ਹੁਣ ਦੁਨੀਆ ਤੀਜੇ ਵਿਸ਼ਵ ਯੁੱਧ ਵੱਲ ਵਧ ਰਹੀ ਹੈ। ਅਮਰੀਕਾ ਵੱਲੋਂ ਇਰਾਨੀ ਜਰਨੈਲ ਦੇ ਕਤਲ ਮਗਰੋਂ ਦੋਵੇਂ ਦੇਸ਼ ਇੱਕ-ਦੂਜੇ ਨੂੰ ਧਮਕੀਆਂ ਦੇ ਰਹੇ ਹਨ।


ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਮੁੜ ਵੱਡੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਹੈ ਕਿ ਜੇਕਰ ਇਰਾਨ ਨੇ ਹਮਲਾ ਕੀਤਾ ਤਾਂ ਇਸ ਤੋਂ ਵੀ ਜਵਾਬੀ ਹਮਲਾ ਕੀਤਾ ਜਾਏਗਾ। ਟਰੰਪ ਨੇ ਟਵੀਟ ਕਰਕੇ ਕਿਹਾ, ''ਇਰਾਨ ਨੇ ਸਾਡੇ 'ਤੇ ਹਮਲਾ ਕੀਤਾ ਤੇ ਅਸੀਂ ਜਵਾਬੀ ਹਮਲਾ ਕੀਤਾ। ਜੇਕਰ ਉਹ ਫਿਰ ਤੋਂ ਹਮਲਾ ਕਰਦੇ ਹਨ, ਜੋ ਮੈਂ ਉਨ੍ਹਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਅਜਿਹਾ ਨਾ ਕਰਨ, ਤਾਂ ਅਸੀਂ ਉਨ੍ਹਾਂ 'ਤੇ ਪਹਿਲਾਂ ਤੋਂ ਕਿਤੇ ਵੱਧ ਵੱਡੇ ਹਮਲੇ ਕਰਾਂਗੇ।' ਟਰੰਪ ਨੇ ਕਿਹਾ ਹੈ ਕਿ ਜੇਕਰ ਇਰਾਨ ਨੇ ਕਿਸੇ ਵੀ ਅਮਰੀਕੀ ਨਾਗਰਿਕ ਤੇ ਜਾਇਦਾਦ 'ਤੇ ਹਮਲਾ ਕੀਤਾ ਤਾਂ ਉਨ੍ਹਾਂ ਵੱਲੋਂ ਵੀ ਇਰਾਨ ਦੇ 52 ਵਿਸ਼ੇਸ਼ ਸਥਾਨਾਂ 'ਤੇ ਹਮਲਾ ਕੀਤਾ ਜਾਵੇਗਾ।


ਉਧਰ, ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਅਮਰੀਕੀ ਹਵਾਈ ਹਮਲੇ 'ਚ ਮੌਤ 'ਤੇ ਅਮਰੀਕਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਹੋਵੇਗੀ। ਰੂਹਾਨੀ ਨੇ ਕਤਰ ਦੇ ਵਿਦੇਸ਼ ਮੰਤਰੀ ਸ਼ੇਖ਼ ਮੁਹੰਮਦ ਬਿਨ ਅਬਦੁਲਰਹਿਮਾਨ ਅਲ ਥਾਨੀ ਨਾਲ ਮੁਲਾਕਾਤ ਦੌਰਾਨ ਕਿਹਾ, ''ਅਮਰੀਕਾ ਨੇ ਨਵਾਂ ਤਰੀਕਾ ਅਪਣਾਇਆ ਹੈ, ਜਿਹੜਾ ਇਸ ਖੇਤਰ ਨੂੰ ਬਹੁਤ ਖ਼ਤਰਨਾਕ ਹਾਲਾਤ 'ਚ ਪਾ ਸਕਦਾ ਹੈ।

ਉਨ੍ਹਾਂ ਕਿਹਾ, ''ਇਰਾਨ ਇਲਾਕੇ 'ਚ ਕਿਸੇ ਤਰ੍ਹਾਂ ਦਾ ਤਣਾਅ ਨਹੀਂ ਚਾਹੁੰਦਾ ਹੈ ਪਰ ਇਸ ਖੇਤਰ 'ਚ ਤਣਾਅ ਵਧਣ ਅਤੇ ਅਸਥਿਰਤਾ ਦਾ ਕਾਰਨ ਅਮਰੀਕਾ ਦਾ ਇਹ ਗ਼ਲਤ ਕੰਮ ਹੈ।'' ਇਸ ਤੋਂ ਪਹਿਲਾਂ ਇਰਾਨ ਦੇ ਵਿਦੇਸ਼ ਮੰਤਰੀ ਜਾਵੇਦ ਜਾਫ਼ਰੀ ਨੇ ਅਲ ਥਾਨੀ ਨਾਲ ਮੁਲਾਕਾਤ ਦੌਰਾਨ ਕਿਹਾ ਸੀ ਕਿ ਇਰਾਨ ਖੇਤਰ 'ਚ ਕਿਸੇ ਤਰ੍ਹਾਂ ਦਾ ਤਣਾਅ ਨਹੀਂ ਚਾਹੁੰਦਾ ਹੈ ਪਰ ਵਿਦੇਸ਼ੀ ਅਤੇ ਹੋਰ ਵਾਧੂ ਖੇਤਰੀ ਬਲਾਂ ਦੀ ਹਾਜ਼ਰੀ ਤੇ ਦਖ਼ਲ ਅੰਦਾਜ਼ੀ ਨਾਲ ਇਸ ਸੰਵੇਦਨਸ਼ੀਲ ਖੇਤਰ 'ਚ ਅਸਥਿਰਤਾ ਤੇ ਅਸੁਰੱਖਿਆ ਪੈਦਾ ਹੋ ਗਈ ਹੈ।