ਸਿਓਲ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਅਮਰੀਕਾ ਨਾਲ ਵਧਦੇ ਤਣਾਅ ਦੇ ਵਿਚਕਾਰ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਦੇ ਮੀਡੀਆ ਅਨੁਸਾਰ ਇਸ ਮਿਜ਼ਾਈਲ ਦੀ ਰੇਂਜ 1,500 ਕਿਲੋਮੀਟਰ ਹੈ ਤੇ ਇੰਨੀ ਦੂਰੀ ਤੱਕ ਇਹ ਮਿਸਾਈਲ ਸਹੀ ਸ਼ੂਟ ਕਰ ਸਕਦਾ ਹੈ। ਇਹ ਦੇਸ਼ ਦੀ ਪਹਿਲੀ ਮਿਜ਼ਾਈਲ ਹੋਵੇਗੀ, ਜੋ ਪ੍ਰਮਾਣੂ ਹਥਿਆਰਾਂ ਨੂੰ ਚੁੱਕਣ ਦੇ ਸਮਰੱਥ ਹੈ। ਇਸ ਮਿਜ਼ਾਈਲ ਨੂੰ ਰਣਨੀਤਕ ਹਥਿਆਰ ਦੱਸਦਿਆਂ ਇਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ। ਇਸ ਦਾ ਸਨਿੱਚਰਵਾਰ ਅਤੇ ਐਤਵਾਰ ਨੂੰ ਉੱਤਰੀ ਕੋਰੀਆ ਨੇ ਆਪਣੇ ਸਮੁੰਦਰੀ ਖੇਤਰ ਵਿੱਚ ਪ੍ਰੀਖਣ ਕੀਤਾ ਸੀ।
ਮਾਹਿਰਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਦੇ ਇਸ ਪ੍ਰੀਖਣ ਤੋਂ ਬਾਅਦ ਇਸ ਖੇਤਰ ਵਿੱਚ ਹਥਿਆਰਾਂ ਦੀ ਦੌੜ ਤੇਜ਼ੀ ਨਾਲ ਵਧੇਗੀ। ਯੂਐਸ ਇੰਡੋ-ਪੈਸੀਫਿਕ ਕਮਾਂਡ ਨੇ ਕਿਹਾ ਹੈ ਕਿ ਉਹ ਇਸ ਮਿਜ਼ਾਈਲ ਪ੍ਰੀਖਣ ਤੋਂ ਜਾਣੂ ਸਨ ਤੇ ਆਪਣੇ ਸਹਿਯੋਗੀਆਂ ਨਾਲ ਤਾਲਮੇਲ ਕਰ ਰਹੇ ਹਨ।
ਇਸ ਪ੍ਰੀਖਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਘਾਤਕ ਹਥਿਆਰ ਵਿਕਸਤ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਰਿਹਾ ਹੈ। ਸਾਲ 2019 ਵਿੱਚ ਅਮਰੀਕਾ ਦੇ ਨਾਲ ਉੱਤਰੀ ਕੋਰੀਆ ਦੇ ਪ੍ਰਮਾਣੂ ਨਿਸਸ਼ਤਰੀਕਰਣ ਬਾਰੇ ਗੱਲਬਾਤ ਨੂੰ ਰੋਕ ਦਿੱਤਾ ਗਿਆ ਹੈ। ਉੱਤਰੀ ਕੋਰੀਆ ਦੀ ਵਰਕਰਜ਼ ਪਾਰਟੀ ਦੇ ਅਧਿਕਾਰੀ ਨੇ ਪਾਰਟੀ ਦੇ ਅਖ਼ਬਾਰ ਵਿੱਚ ਮਿਜ਼ਾਈਲ ਦੀ ਫੋਟੋ ਵੀ ਜਾਰੀ ਕੀਤੀ।
ਅਮਰੀਕਾ ਸਥਿਤ ‘ਕਾਰਨੇਜਿਕ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ’ ਦੇ ਅੰਕਿਤ ਪਾਂਡੇ ਦਾ ਕਹਿਣਾ ਹੈ ਕਿ ਬੈਲਿਸਟਿਕ ਮਿਸਾਈਲ ਪ੍ਰੋਗਰਾਮ ਹੁਣ ਤੱਕ ਅੰਤਰਰਾਸ਼ਟਰੀ ਭਾਈਚਾਰੇ ਲਈ ਖਾਸ ਚਿੰਤਾ ਦਾ ਵਿਸ਼ਾ ਨਹੀਂ ਰਹੇ ਹਨ, ਕਿਉਂਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਦੇ ਤਹਿਤ ਉਨ੍ਹਾਂ 'ਤੇ ਪਾਬੰਦੀ ਨਹੀਂ ਹੈ। ਪਰ ਇਹ ਉੱਤਰੀ ਕੋਰੀਆ ਦੀ ਪਹਿਲੀ ਅਜਿਹੀ ਕਰੂਜ਼ ਮਿਸਾਈਲ ਹੈ, ਜੋ ਰਣਨੀਤਕ ਤੌਰ 'ਤੇ ਮਹੱਤਵਪੂਰਨ ਹੈ। ਇਹ ਹਾ ਸਪਸ਼ਟ ਨਹੀਂ ਹੈ ਕਿ ਉੱਤਰ ਕੋਰੀਆ ਨੇ ਇਸ ਵਿੱਚ ਮੁਹਾਰਤ ਹਾਸਲ ਕੀਤੀ ਹੈ ਜਾਂ ਨਹੀਂ।