ਚੰਡੀਗੜ੍ਹ: ਉੱਤਰ ਕੋਰੀਆ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਅਮਰੀਕਾ ਨਾਲ ਕਈ ਵਾਰ ਗੱਲਬਾਤ ਕਰਨ ਤੋਂ ਬਾਅਦ ਵੀ ਇਸ ਦੇ ਪਰਮਾਣੂ ਪਰੀਖਣ ਰੁਕ ਨਹੀਂ ਰਹੇ ਹਨ। ਬੁੱਧਵਾਰ ਨੂੰ ਉੱਤਰੀ ਕੋਰੀਆ ਨੇ ਇੱਕ ਵਾਰ ਫਿਰ ਮਿਜ਼ਾਈਲ ਪ੍ਰੀਖਣ ਕਰ ਕੇ ਅਮਰੀਕਾ ਸਮੇਤ ਵਿਸ਼ਵ ਨੂੰ ਦੱਸ ਦਿੱਤਾ ਕਿ ਉਹ ਆਪਣੇ ਮਿਜ਼ਾਈਲ ਪ੍ਰੀਖਣ ਪ੍ਰੋਗਰਾਮਾਂ ਨੂੰ ਕਿਸੇ ਵੀ ਕੀਮਤ 'ਤੇ ਘੱਟ ਨਹੀਂ ਕਰੇਗਾ। ਬੁੱਧਵਾਰ ਨੂੰ ਉੱਤਰੀ ਕੋਰੀਆ ਨੇ ਘੱਟ ਦੂਰੀ ਦੇ ਕਈ ਛੋਟੀ ਮਿਜ਼ਾਈਲ ਪ੍ਰੀਖਣ ਕੀਤੇ, ਜਿਨ੍ਹਾਂ ਵਿੱਚੋਂ ਇੱਕ ਮਿਸਾਈਲ ਜਾਪਾਨ ਦੇ ਵਿਸ਼ੇਸ਼ ਆਰਥਿਕ ਖੇਤਰ ਤਹਿਤ ਆਉਣ ਵਾਲੇ ਜਲ ਖੇਤਰ ਵਿੱਚ ਡਿੱਗੀ।


ਸਿਓਲ ਤੇ ਟੋਕਿਓ ਦੇ ਸੂਤਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ, ਨਿਊਜ਼ ਏਜੰਸੀ ਏਫੇ ਨੇ ਖਬਰ ਦਿੱਤੀ ਹੈ ਕਿ ਦੱਖਣ ਕੋਰੀਆ ਦੇ ਸੰਯੁਕਤ ਚੀਫ ਆਫ਼ ਸਟਾਫ ਨੇ ਕਿਹਾ ਹੈ ਕਿ ਇਹ ਮਿਜ਼ਾਈਲਾਂ ਪੂਰਬੀ ਸ਼ਹਿਰ ਵਾਨਸਨ ਤੋਂ ਲਾਂਚ ਕੀਤੀਆਂ ਗਈਆਂ। ਉੱਧਰ ਜਾਪਾਨ ਦੀ ਸਰਕਾਰ ਨੇ ਵੀ ਉਨ੍ਹਾਂ ਦੇ ਬੈਲਿਸਟਿਕ ਮਿਜ਼ਾਈਲਾਂ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।


ਸਥਾਨਕ ਨਿਊਜ਼ ਏਜੰਸੀ ਯੋਨਹਾਪ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਜੇਸੀਐਸ ਨੇ ਮਿਜ਼ਾਈਲਾਂ ਦੀ ਕਿਸਮ, ਟ੍ਰਾਜੈਕਟਰੀ ਜਾਂ ਰੇਂਜ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸਦੇ ਨਾਲ ਹੀ ਜਾਪਾਨ ਵਿੱਚ ਅਧਿਕਾਰਤ ਸੂਤਰਾਂ ਦੁਆਰਾ ਵੀ ਇਸ ਨਵੇਂ ਪਰੀਖਣ ਦੀ ਪੁਸ਼ਟੀ ਕੀਤੀ ਗਈ ਹੈ।


ਜਾਪਾਨੀ ਸਰਕਾਰ ਦੇ ਇੱਕ ਬੁਲਾਰੇ, ਯੋਸ਼ੀਹਿਦੇ ਸੁਗਾ ਨੇ ਮੀਡੀਆ ਨੂੰ ਦੱਸਿਆ ਕਿ ਘੱਟੋ-ਘੱਟ ਦੋ ਪਰੀਖਣ ਕੀਤੇ ਗਏ ਹਨ। ਇਸ ਵਿਚੋਂ ਇੱਕ ਦੱਖਣ-ਪੱਛਮੀ ਸ਼ਿਮਨੇ ਪ੍ਰਾਂਤ ਵਿੱਚ ਜਾਪਾਨ ਦੇ ਈਈਜ਼ੈਡ ਵਿੱਚ ਡਿੱਗੀ। ਸੁਗਾ ਦੇ ਅਨੁਸਾਰ ਪਹਿਲਾ ਪਰੀਖਣ ਸਥਾਨਕ ਸਮੇਂ ਅਨੁਸਾਰ ਸਵੇਰੇ 7.17 ਵਜੇ ਹੋਇਆ, ਜਦਕਿ ਈਈਜ਼ੈਡ ਵਿੱਚ ਡਿੱਗੀ ਮਿਜ਼ਾਈਲ ਇਸ ਦੇ 10 ਮਿੰਟ ਬਾਅਦ ਲਾਂਚ ਕੀਤੀ ਗਈ।