ਕਿਮ ਜੋਂਗ ਨਾਲ ਪਰਮਾਣੂੰ ਸਮੱਸਿਆ ਬਾਰੇ ਟਰੰਪ ਦਾ ਵੱਡਾ ਦਾਅਵਾ
ਏਬੀਪੀ ਸਾਂਝਾ | 16 Jun 2018 03:51 PM (IST)
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਉੱਤਰ ਕੋਰੀਆਈ ਪਰਮਾਣੂ ਸਮੱਸਿਆ ਨੂੰ ਕਾਫ਼ੀ ਹੱਦ ਤਕ ਹੱਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਦੱਖਣ ਕੋਰੀਆ ਨਾਲ ਯੁੱਧ ਟਾਲ਼ ਕੇ ਕਾਫ਼ੀ ਪੈਸਾ ਬਚਾਇਆ ਗਿਆ ਹੈ। ਵਾਈਟ ਹਾਊਸ ਦੇ ਬਾਹਰ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉੱਤਰ ਕੋਰੀਆ ਨੇ ਕਿਮ ਜੌਂਗ ਉਨ ਨਾਲ ਸ਼ਿਖਰ ਸੰਮੇਲਨ ਦੇ ਬਾਅਦ ਦੱਖਣ ਕੋਰੀਆ ਨਾਲ ਸਾਂਝੇ ਫ਼ੌਜੀ ਅਭਿਆਸ ਨੂੰ ਇੱਕਪਾਸੜ ਰੋਕਣ ਲਈ ਆਪਣੇ ਫੈਸਲੇ ਦਾ ਬਚਾਅ ਕੀਤਾ। ਦੱਖਣ ਕੋਰੀਆ ਨਾਲ ਫੌਜ ਅਭਿਆਸ ਰੋਕੇ ਜਾਣ ਦੇ ਆਪਣੇ ਫੈਸਲੇ ਸਬੰਧੀ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਜੰਗ ਦੀ ਖੇਡ ਮੰਨਦੇ ਹਨ ਤੇ ਇਸ ਨੂੰ ਨਫ਼ਰਤ ਵੀ ਕਰਦੇ ਹਨ। ਉਨ੍ਹਾਂ ਦੱਖਣ ਕੋਰੀਆ ਨੂੰ ਕਿਹਾ ਕਿ ਉਨ੍ਹਾਂ ਦੇ ਨੁਕਸਾਨ ਦਾ ਹਰਜਾਨਾ ਕਿਉਂ ਨਹੀਂ ਭਰਿਆ ਜਾ ਰਿਹਾ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਜੰਗੀ ਅਭਿਆਸ ਲਈ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ। ਜਹਾਜ਼ਾਂ ਤੇ ਹੋਰ ਸਾਜ਼ੋ ਸਾਮਾਨ ਲਈ ਲੱਖਾਂ ਡਾਲਰ ਖਰਚਣੇ ਪੈਂਦੇ ਹਨ। ਇਸ ਲਈ ਉਹ ਇਸ ਨੂੰ ਰੋਕਣਾ ਚਾਹੁੰਦੇ ਹਨ। ਇਸ ਅਭਿਆਸ ਨੂੰ ਰੋਕ ਕੇ ਉਨ੍ਹਾਂ ਕਾਫੀ ਪੈਸਾ ਬਚਾਇਆ ਹੈ ਤੇ ਇਹ ਉਨ੍ਹਾਂ ਲਈ ਚੰਗੀ ਗੱਲ ਹੈ। ਇਸ ਦੌਰਾਨ ਟਰੰਪ ਨੇ ਦੱਸਿਆ ਕਿ ਉਨ੍ਹਾਂ ਸਮੱਸਿਆ ਦਾ ਹੱਲ ਕਰ ਦਿੱਤਾ ਹੈ ਤੇ ਸਮੱਸਿਆ ਨੂੰ ਕਾਫੀ ਹੱਦ ਤਕ ਸੁਲਝਾ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਨਹੀਂ ਵੇਖਣਾ ਚਾਹੁੰਦੇ ਕਿ ਇੱਕ ਪਰਮਾਣੂੰ ਹਥਿਆਰ ਲੋਕਾਂ ਨੂੰ ਤਬਾਹ ਕਰ ਦੇਵੇ। ਉਹ ਉੱਤਰ ਕੋਰੀਆ ਤੇ ਹੋਰਾਂ ਦੇਸ਼ਾਂ ਨਾਲ ਵੀ ਚੰਗੇ ਸਬੰਧ ਚਾਹੁੰਦੇ ਹਨ। ਟਰੰਪ ਨੇ ਕਿਹਾ ਕਿ ਉਨ੍ਹਾਂ ਚੰਗੇ ਦਸਤਾਵੇਜ਼ਾਂ ’ਤੇ ਹਸਤਾਖ਼ਰ ਕੀਤੇ ਹਨ ਪਰ ਦਸਤਾਵੇਜ਼ਾਂ ਤੋਂ ਵੱਧ ਮਹੱਤਵਪੂਰਨ ਕਿਮ ਜੌਂਗ ਨਾਲ ਉਨ੍ਹਾਂ ਦੇ ਸਬੰਧ ਹਨ।