ਰੋਪੜ: ਪੰਜਾਬ ਦੇ ਲੋਕ ਨਿਰਮਾਣ ਵਿਭਾਗ ਤੋਂ ਬਤੌਰ ਸੇਵਾ ਮੁਕਤ ਐਕਸੀਅਨ ਤੇ ਸਥਾਨਕ ਰੋਟਰੀ ਕਲੱਬ ਦੇ ਪ੍ਰਧਾਨ ਰਹੇ ਅਮਰਜੀਤ ਸਿੰਘ ਭਟਨਾਗਰ ਦੀ ਕੈਨੇਡਾ ਵਿੱਚ ਦੋ ਨੀਗਰੋ ਮੂਲ ਦੇ ਵਿਅਕਤੀਆਂ ਨਾਲ ਹੱਥੋਪਾਈ ਦੌਰਾਨ ਮੌਤ ਹੋ ਗਈ ਹੈ।   ਰੋਪੜ ਦੇ ਗਿਆਨੀ ਜ਼ੈਲ ਸਿੰਘ ਨਗਰ ਦੇ ਰਹਿਣ ਵਾਲੇ ਅਮਰਜੀਤ 19 ਅਪ੍ਰੈਲ ਨੂੰ ਆਪਣੇ ਵੱਡੇ ਪੁੱਤਰ ਜਸਪਿੰਦਰ ਸਿੰਘ ਕੋਲ ਕੈਨੇਡਾ ਗਏ ਸਨ। ਉਨ੍ਹਾਂ ਦੇ ਛੋਟੇ ਪੁੱਤਰ ਨੇ ਦੱਸਿਆ ਕਿ 12 ਜੂਨ ਦੀ ਰਾਤ ਨੂੰ ਉਨ੍ਹਾਂ ਦੇ ਪਿਤਾ ਤੇ ਭਰਾ ਸੈਰ ਲਈ ਨਿੱਕਲੇ ਸੀ ਤਾਂ ਦੋ ਨੀਗਰੋ ਵਿਅਕਤੀਆਂ ਨੇ ਜਸਪਿੰਦਰ ਦਾ ਮੋਬਾਈਲ ਖੋਹ ਲਿਆ। ਪਿਤਾ ਅਮਰਜੀਤ ਸਿੰਘ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਧੱਕਾਮੁੱਕੀ ਵਿੱਚ ਉਹ ਜ਼ਮੀਨ 'ਤੇ ਸਿਰ ਦੇ ਭਾਰ ਡਿੱਗ ਗਏ ਤੇ ਬੇਹੋਸ਼ ਹੋ ਗਏ। ਅਮਰਜੀਤ ਸਿੰਘ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ 14 ਜੂਨ ਨੂੰ ਉਨ੍ਹਾਂ ਦੀ ਮੌਤ ਹੋ ਗਈ। ਕੈਨੇਡਾ ਪੁਲਿਸ ਨੇ ਯੂਥ ਕ੍ਰਿਮੀਨਲ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਇੱਕ 15 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।