ਮਹਿਤਾਬ-ਉਦ-ਦੀਨ
ਚੰਡੀਗੜ੍ਹ: ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਅਜਿਹੇ ਹਨ, ਜਿਨ੍ਹਾਂ ਦੇ ਦਾਖ਼ਲੇ ਕੈਨੇਡੀਅਨ ਯੂਨੀਵਰਸਿਟੀਜ਼ ’ਚ ਪਿਛਲੇ ਵਰ੍ਹੇ 2020 ਦੇ ਅਰੰਭ ’ਚ ਹੀ ਹੋ ਗਏ ਸਨ ਪਰ ਉਨ੍ਹਾਂ ਨੂੰ ਹਾਲੇ ਤੱਕ ਕੈਨੇਡਾ ਸਰਕਾਰ ਨੇ ਵੀਜ਼ੇ ਜਾਰੀ ਨਹੀਂ ਕੀਤੇ। ਹੁਣ ਅਜਿਹੇ ਪੰਜਾਬੀ ਵਿਦਿਆਰਥੀਆਂ ਨੇ ਚੰਡੀਗੜ੍ਹ ਸਥਿਤ ਕੈਨੇਡੀਅਨ ਜਨਰਲ ਕੌਂਸਲੇਟ ਦਫ਼ਤਰ ਦੇ ਸਾਹਮਣੇ ਵੀਜ਼ੇ ਛੇਤੀ ਜਾਰੀ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ। ਇਨ੍ਹਾਂ ’ਚੋਂ ਬਹੁਤੇ ਵਿਦਿਆਰਥੀਆਂ ਨੇ ਪਿਛਲੇ ਵਰ੍ਹੇ ਮਾਰਚ ਮਹੀਨੇ ਆਪਣੀਆਂ ਵੀਜ਼ਾ ਅਰਜ਼ੀਆਂ ਦਾਖ਼ਲ ਕਰ ਦਿੱਤੀਆਂ ਸਨ ਪਰ ਉਹ ਹਾਲੇ ਤੱਕ ਵੀ ਕਿਸੇ ਹੁੰਗਾਰੇ ਦੀ ਉਡੀਕ ਕਰ ਰਹੇ ਹਨ।
ਦਰਅਸਲ, ਪਿਛਲੇ ਵਰ੍ਹੇ ਜਦੋਂ ਕੈਨੇਡੀਅਨ ਸੂਬੇ ਕਿਊਬੇਕ ’ਚ 10 ਵਿਦਿਅਕ ਸੰਸਥਾਨਾਂ ਉੱਤੇ ਦੋਸ਼ ਲੱਗੇ ਸਨ ਕਿ ਉਹ ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਲਈ ਕੁਝ ਗ਼ਲਤ ਤਰੀਕੇ ਵਰਤ ਰਹੇ ਹਨ, ਤਦ ਕੌਮਾਂਤਰੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਉੱਤੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਅਗਲੇ ਹੁਕਮਾਂ ਤੱਕ ਰੋਕ ਦਿੱਤੀ ਗਈ ਸੀ।
ਉਂਝ ਕੈਨੇਡੀਅਨ ਸੂਬੇ ਕਿਊਬੇਕ ਦੇ ਇਮੀਗ੍ਰੇਸ਼ਨ ਮੰਤਰਾਲੇ ਨੇ ਕਿਹਾ ਹੈ ਕਿ ਉਸ ਵੱਲੋਂ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਪਰ ‘ਦ ਪਾਈ’ (The PIE) ਦੀ ਰਿਪੋਰਟ ਅਨੁਸਾਰ ਬਹੁਤ ਸਾਰੇ ਵਿਦਿਆਰਥੀ ਪਿਛਲੇ ਸਾਲ 2020 ਦੀ ਆਖ਼ਰੀ ਤਿਮਾਹੀ ਤੋਂ ਕੈਨੇਡਾ ਦੀਆਂ ਆੱਨਲਾਈਨ ਕਲਾਸਾਂ ਹੀ ਲੈ ਰਹੇ ਹਨ। ਉਨ੍ਹਾਂ ਨੂੰ ਹਾਲੇ ਤੱਕ ਇਹ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਨੂੰ ਕੈਨੇਡੀਅਨ ਵੀਜ਼ਾ ਮਿਲੇਗਾ ਜਾਂ ਨਹੀਂ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਊਬੇਕ ਦੇ ਉਨ੍ਹਾਂ ਹੀ 10 ਵਿਦਿਅਕ ਅਦਾਰਿਆਂ ਨੂੰ ਆਪਣੀ ਉਚੀ ਸਿੱਖਿਆ ਲਈ ਚੁਣਿਆ ਸੀ ਤੇ ਉਨ੍ਹਾਂ ਵਿਰੁੱਧ ਹੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਅਦਾਰਿਆਂ ਕੋਲ ਉਨ੍ਹਾਂ ਦੇ ਲੱਖਾਂ ਰੁਪਏ ਜਮ੍ਹਾ ਹਨ। ਹੁਣ ਉਹ ਜਿੱਥੇ ਹੈਰਾਨ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਉਹ ਨਿਰਾਸ਼ਾ ਦੇ ਵੀ ਸ਼ਿਕਾਰ ਹੋ ਰਹੇ ਹਨ।
ਕੈਨੇਡੀਅਨ ਅਧਿਕਾਰੀਆਂ ਵੱਲੋਂ ਵੀ ਇਨ੍ਹਾਂ ਵਿਦਿਆਰਥੀਆਂ ਨੂੰ ਅੱਗਿਓਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਇਹ ਵੀ ਪਤਾ ਲੱਗਾ ਹੈ ਕਿ ਕਿਊਬਿਕ ਦੇ ਸਿਰਫ਼ 10 ਪ੍ਰਭਾਵਿਤ ਵਿਦਿਅਕ ਅਦਾਰਿਆਂ ਨਾਲ ਜੁੜੇ ਭਾਰਤੀ ਵਿਦਿਆਰਥੀ ਹੀ ਨਹੀਂ, ਹੋਰ ਕੈਨੇਡੀਅਨ ਵਿਦਿਅਕ ਅਦਾਰਿਆਂ ’ਚ ਦਾਖ਼ਲੇ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਇਸ ਵਾਰ ਆਪਣੇ ਵੀਜ਼ੇ ਲੈਣ ਲਈ ਲੰਮੇਰੀਆਂ ਉਡੀਕਾਂ ਕਰਨੀਆਂ ਪੈ ਰਹੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਅਜਿਹੇ ਤਣਾਅ ਕਾਰਨ ਹੁਣ ਵਿਦਿਆਰਥੀਆਂ ਨੂੰ ਵੱਡੀਆਂ ਮਾਨਸਿਕ ਪ੍ਰੇਸ਼ਾਨੀਆਂ ’ਚੋਂ ਲੰਘਣਾ ਪੈ ਰਿਹਾ ਹੈ।