ਵਾਸ਼ਿੰਗਟਨ: ਅਮਰੀਕੀ ਫੌਜ ਨੇ ਭਾਰਤ ਨੂੰ ਅੱਖਾਂ ਵਿਖਾਈਆਂ ਹਨ। ਕੋਈ ਵੀ ਸਹਿਮਤੀ ਲਏ ਬਿਨਾਂ ਭਾਰਤੀ ਜਲ ਖੇਤਰ ’ਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਕਰਨ ਮਗਰੋਂ ਅਮਰੀਕੀ ਫੌਜ ਨੇ ਕਿਹਾ ਹੈ ਕਿ ਉਨ੍ਹਾਂ ਕੁਝ ਵੀ ਗਲਤ ਨਹੀਂ ਕੀਤਾ ਤੇ ਇਹ ਜਾਰੀ ਰਹੇਗਾ। ਪੈਂਟਾਗਨ ਦੀ ਇਹ ਪ੍ਰਤੀਕ੍ਰਿਆ ਭਾਰਤ ਵੱਲੋਂ ਇਤਰਾਜ਼ ਪ੍ਰਗਟਾਉਣ ਮਗਰੋਂ ਆਈ ਹੈ। ਪੈਂਟਾਗਨ ਦੇ ਤਰਜਮਾਨ ਜੌਹਨ ਕਿਰਬੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਜੋ ਵੀ ਕੀਤਾ, ਉਹ ਕੌਮਾਂਤਰੀ ਨੇਮਾਂ ਮੁਤਾਬਕ ਹੀ ਹੈ।
ਪੈਂਟਾਗਨ ਨੇ ਕਿਹਾ ਹੈ ਕਿ ਭਾਰਤ ਦੀ ਮਨਜ਼ੂਰੀ ਤੋਂ ਬਿਨਾਂ ਉਸ ਦੇ ਵਿਸ਼ੇਸ਼ ਆਰਥਿਕ ਜ਼ੋਨ (ਈਈਈ) ਦੇ ਘੇਰੇ ’ਚ ਅਮਰੀਕੀ ਜਲ ਸੈਨਾ ਦੇ ਜਹਾਜ਼ਾਂ ਵੱਲੋਂ ਨੇਵੀਗੇਸ਼ਨ ਹੱਕਾਂ ਦੀ ਵਰਤੋਂ ਕੌਮਾਂਤਰੀ ਕਾਨੂੰਨਾਂ ਅਨੁਸਾਰ ਹੀ ਹੈ। ਅਮਰੀਕੀ ਜਲ ਸੈਨਾ ਦੇ ਜਹਾਜ਼ ਜੌਹਨ ਪੌਲ ਜੋਨਸ ਦੇ ਭਾਰਤ ਦੇ ਈਈਜ਼ੈੱਡ ’ਚੋਂ ਗੁਜ਼ਰਨ ਦੇ ਸਬੰਧ ’ਚ ਭਾਰਤ ਨੇ ਸਖ਼ਤ ਵਿਰੋਧ ਦਰਜ ਕਰਵਾਇਆ ਸੀ। ਪੈਂਟਾਗਨ ਦੇ ਤਰਜਮਾਨ ਜੌਹਨ ਕਿਰਬੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੇੜੇ ਨੇ ਮਾਲਦੀਵ ਨੇੜਿਉਂ ਸਮੁੰਦਰੀ ਇਲਾਕੇ ’ਚ ਜਾਇਜ਼ ਢੰਗ ਨਾਲ ਗੁਜ਼ਰਦਿਆਂ ਆਪਣੇ ਨੇਵੀਗੇਸ਼ਨ ਅਧਿਕਾਰਾਂ ਤੇ ਆਜ਼ਾਦੀ ਦੀ ਵਰਤੋਂ ਕੀਤੀ ਹੈ।
ਕਿਰਬੀ ਨੇ ਕਿਹਾ ਕਿ ਇਹ ਕੌਮਾਂਤਰੀ ਕਾਨੂੰਨਾਂ ਮੁਤਾਬਕ ਹੀ ਹੈ ਤੇ ਉਹ ਆਪਣੇ ਹੱਕਾਂ ਤੇ ਜ਼ਿੰਮੇਵਾਰੀ ਅਨੁਸਾਰ ਉਡਾਣਾਂ ਭਰਦੇ ਰਹਿਣਗੇ ਤੇ ਸਮੁੰਦਰ ’ਚ ਵਿਚਰਦੇ ਰਹਿਣਗੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ ਹੈ ਕਿ ਉਨ੍ਹਾਂ ਗ਼ੈਰਕਾਨੂੰਨੀ ਢੰਗ ਨਾਲ ਸਮੁੰਦਰੀ ਪਾਣੀਆਂ ’ਚ ਜਹਾਜ਼ਾਂ ਦੇ ਆਉਣ ਦਾ ਕੂਟਨੀਤਕ ਚੈਨਲਾਂ ਰਾਹੀਂ ਅਮਰੀਕੀ ਸਰਕਾਰ ਕੋਲ ਵਿਰੋਧ ਦਰਜ ਕਰਵਾਇਆ ਹੈ।
ਦੱਸ ਦਈਏ ਕਿ ਅਮਰੀਕੀ ਜਲ ਸੈਨਾ ਨੇ ਅਗਾਊਂ ਭਾਰਤ ਦੀ ਸਹਿਮਤੀ ਲਏ ਬਿਨਾਂ ਭਾਰਤੀ ਜਲ ਖੇਤਰ ’ਚ ਸਮੁੰਦਰੀ ਜਹਾਜ਼ਾਂ ਦੀ ਆਜ਼ਾਦ ਆਵਾਜਾਈ ਸ਼ੁਰੂ ਕਰ ਦਿੱਤੀ ਹੈ। ਇਹ ਮੁਹਿੰਮ ਅਮਰੀਕੀ ਸੈਨਾ ਵੱਲੋਂ ਲਕਸ਼ਦੀਪ ਦੀਪ ਸਮੂਹ ਨੇੜੇ ਸ਼ੁਰੂ ਕੀਤੀ ਹੈ। ਅਮਰੀਕੀ ਜਲ ਸੈਨਾ ਦੀ ਸੱਤਵੀਂ ਫਲੀਟ ਦੇ ਕਮਾਂਡਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਿਜ਼ਾਈਲ ਡੇਗਣ ਦੀ ਸਮਰੱਥਾ ਰੱਖਦੇ ਯੂਐਸਐਸ ਜੌਹਨ ਪੌਲ ਜੋਨਸ ਜ਼ਰੀਏ ਸੱਤ ਅਪਰੈਲ ਨੂੰ ਇਹ ਮੁਹਿੰਮ ਆਰੰਭੀ ਗਈ ਹੈ।
ਬਿਆਨ ਵਿੱਚ ਕਿਹਾ ਗਿਆ ਹੈ ‘ਸੱਤ ਅਪਰੈਲ, 2021 ਨੂੰ ਯੂਐਸਐਸ ਜੌਹਨ ਪੌਲ ਜੋਨਸ ਨੇ ਭਾਰਤ ਦੀ ਸਹਿਮਤੀ ਬਿਨਾਂ ਕੌਮਾਂਤਰੀ ਕਾਨੂੰਨ ਤਹਿਤ ਉਸ ਦੇ ਵਿਸ਼ੇਸ਼ ਆਰਥਿਕ ਖੇਤਰ ਲਕਸ਼ਦੀਪ ਦੀਪਸਮੂਹ ਦੇ ਪੱਛਮ ਵਿਚ ਲਗਪਗ 130 ਸਮੁੰਦਰੀ ਮੀਲ ਦੂਰ ਸਮੁੰਦਰੀ ਆਵਾਜਾਈ ਅਧਿਕਾਰ ਤੇ ਸੁਤੰਤਰਤਾ ਮੁਹਿੰਮ ਸ਼ੁਰੂ ਕੀਤੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਵਿਸ਼ੇਸ਼ ਆਰਥਿਕ ਖੇਤਰ ਜਾਂ ਉਪ ਮਹਾਦੀਪ ਖੇਤਰ ਵਿਚ ਫ਼ੌਜੀ ਅਭਿਆਸ ਜਾਂ ਮੁਹਿੰਮ ਲਈ ਮੁਲਕ ਤੋਂ ਪਹਿਲਾਂ ਪ੍ਰਵਾਨਗੀ ਜਾਂ ਸਹਿਮਤੀ ਲੈਣੀ ਪੈਂਦੀ ਹੈ। ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਮੁਹਿੰਮ ਕੌਮਾਂਤਰੀ ਕਾਨੂੰਨਾਂ ਤਹਿਤ ਹੀ ਹੈ।