ਵਾਸ਼ਿੰਗਟਨ: ਅਮਰੀਕੀ ਸਿੱਖਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਨਾਲ ਜਾਰੀ ਤਣਾਅ ਦਾ ਅਸਰ ਕਰਤਾਰਪੁਰ ਸਾਹਿਬ ਗਲਿਆਰੇ 'ਤੇ ਨਹੀਂ ਪੈਣ ਦਿੱਤਾ ਜਾਵੇ। ਪੁਲਵਾਮਾ ਦਹਿਸ਼ਤੀ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤੇ ਤਲਖ਼ ਸਨ।
ਕੈਲੇਫੋਰਨੀਆ ਆਧਾਰਤ ਅਮਰੀਕੀ ਸਿੱਖਾਂ ਦੀਆਂ ਸੰਸਥਾਵਾਂ ਦੇ ਵਫ਼ਦ ਨੇ ਇੱਥੇ ਭਾਰਤੀ ਸਫਾਰਤਖਾਨੇ ਪਹੁੰਚੇ। ਵਫ਼ਦ ਵਿੱਚ ਦਰਜਨ ਕਾਨੂੰਨਘਾੜੇ ਤੇ ਸੈਨੇਟਰ ਸ਼ਾਮਲ ਸਨ। ਯੂਨਾਈਟਿਡ ਸਿੱਖ ਮਿਸ਼ਨ ਦੇ ਸੰਸਥਾਪਕ ਰਸ਼ਪਾਲ ਸਿੰਘ ਢੀਂਡਸਾ ਨੇ ਅਮਰੀਕਾ ਵਿੱਚ ਭਾਰਤੀ ਸਫ਼ੀਰ ਹਰਵਰਧਨ ਸ਼੍ਰਿੰਗਲਾ ਨੂੰ ਮੰਗ ਪੱਤਰ ਸੌਂਪਿਆ ਤੇ ਅਪੀਲ ਕੀਤੀ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਜਾਰੀ ਤਣਾਅ ਕਰਕੇ ਲਾਂਘੇ ਦਾ ਕੰਮ ਨਾ ਪ੍ਰਭਾਵਿਤ ਹੋਵੇ।
ਉਨ੍ਹਾਂ ਮੰਗ ਪੱਤਰ ਵਿੱਚ ਲਿਖਿਆ ਕਿ ਅਮਨ ਲਈ ਇਹ ਲਾਂਘਾ ਬੇਹੱਦ ਵਧੀਆ ਕਦਮ ਹੈ ਤੇ ਇਸ ਨੂੰ ਸਹੀ ਦਿਸ਼ਾ ਵਿੱਚ ਵਧਾਉਣਾ ਚਾਹੀਦਾ ਹੈ। ਹੁਣ ਇਹ ਸਮਾਂ ਆ ਗਿਆ ਹੈ ਕਿ ਇਸ ਹਾਲਾਤ ਦੇ ਸ਼ਾਂਤੀਪੂਰਬਕ ਹੱਲ ਲਈ ਲਾਂਘੇ ਲਈ ਸ਼ੁਰੂ ਕੀਤੀਆਂ ਕੋਸ਼ਿਸ਼ਾਂ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ ਤੇ ਕੰਮ ਜਾਰੀ ਰੱਖਿਆ ਜਾਵੇ।