ਔਕਲੈਂਡ: ਪਿਛਲੇ ਹਫ਼ਤੇ ਨਿਊਜ਼ੀਲੈਂਡ ਦੇ ਕ੍ਰਾਇਸਟਚਰਚ ਵਿੱਚ ਗੋਰੇ ਦਹਿਸ਼ਤਗਰਦ ਵੱਲੋਂ ਕੀਤੀ ਗੋਲ਼ੀਬਾਰੀ ਵਿੱਚ 50 ਲੋਕਾਂ ਦੀ ਮੌਤ ਮਗਰੋਂ ਹਥਿਆਰ ਵੇਚਣ ਦੇ ਨਿਯਮਾਂ ਵਿੱਚ ਵੱਡੀ ਤਬਦੀਲੀ ਕੀਤੀ ਗਈ ਹੈ। ਹੁਣ ਨਿਊਜ਼ੂਲੈਂਡ ਵਿੱਚ ਖ਼ਤਰਨਾਕ ਬੰਦੂਕਾਂ ਦੀ ਵਿਕਰੀ ਨਹੀਂ ਹੋਵੇਗੀ।
ਨਿਊਜ਼ੀਲੈਂਡ ਦੀ ਪ੍ਰਧਾਨ ਜੈਸਿੰਡਾ ਆਰਡਰਨ ਨੇ ਵੀਰਵਾਰ ਨੂੰ ਦੱਸਿਆ ਕਿ ਉਹ ਫੌਰੀ ਪ੍ਰਭਾਵ ਨਾਲ ਅਸਾਲਟ ਰਾਈਫਲ ਅਤੇ ਸੈਮੀ-ਆਟੋਮੈਟਿਕ ਰਾਈਫਲਜ਼ ਦੀ ਵਿਕਰੀ 'ਤੇ ਰੋਕ ਲਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸ਼ੁੱਕਰਵਾਰ ਹੋਈ ਅੱਤਵਾਦੀ ਕਾਰਵਾਈ ਵਿੱਚ ਵਰਤੇ ਗਏ ਹਰ ਕਿਸਮ ਦੇ ਹਥਿਆਰ ਹੁਣ ਨਿਊਜ਼ੀਲੈਂਡ ਵਿੱਚ ਨਹੀਂ ਵੇਚੇ ਜਾ ਸਕਦੇ।
ਪ੍ਰਧਾਨ ਮੰਤਰੀ ਨੇ ਰੋਕ ਲਾਏ ਗਏ ਹਥਿਆਰਾਂ ਨੂੰ ਮੁੜ ਤੋਂ ਖਰੀਦਣ ਲਈ ਸਕੀਮ ਵੀ ਸ਼ੁਰੂ ਕੀਤੀ। ਭਾਵ ਜਿਨ੍ਹਾਂ ਲੋਕਾਂ ਨੇ ਪਹਿਲਾਂ ਤੋਂ ਹੀ ਇਹ ਹਥਿਆਰ ਰੱਖੇ ਹਨ, ਉਨ੍ਹਾਂ ਤੋਂ ਮੁੜ ਖਰੀਦਣ ਲਈ ਸਰਕਾਰ ਨੇ ਬਾਏ ਬੈਕ ਸਕੀਮ ਦੀ ਸ਼ੁਰੂਆਤ ਕੀਤੀ। ਜੈਸਿੰਡਾ ਸਰਕਾਰ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਲੋਕਾਂ ਕੋਲ ਮੌਜੂਦ ਖ਼ਤਰਨਾਕ ਹਥਿਆਰ ਖ਼ਤਮ ਕੀਤੇ ਜਾਣਗੇ ਤਾਂ ਜੋ ਕ੍ਰਾਇਸਟਚਰਚ ਦੁਖਾਂਤ ਜਿਹੀਆਂ ਖ਼ਤਰਨਾਕ ਘਟਨਾਵਾਂ ਨਾ ਵਾਪਰਨ।