ਫ੍ਰੈਡਰਿਕਟਨ: ਪੂਰਬੀ ਕੈਨੇਡਾ ਦੇ ਨਿਊ ਬਰੂਨਸਵਿਕ ਸੂਬੇ ਦੀ ਰਾਜਧਾਨੀ ਵਿੱਚ ਅੰਨ੍ਹੇਵਾਹ ਗੋਲ਼ੀਆਂ ਚੱਲਣ ਨਾਲ ਚਾਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਚਾਰਾਂ ਵਿੱਚੋਂ ਦੋ ਸਥਾਨਕ ਪੁਲਿਸ ਅਧਿਕਾਰੀ ਹਨ। ਗੋਲ਼ੀਬਾਰੀ ਕਰਨ ਵਾਲੇ ਤੇ ਮ੍ਰਿਤਕਾਂ ਦੀ ਪਛਾਣ ਹਾਲੇ ਜਾਰੀ ਨਹੀਂ ਕੀਤੀ ਗਈ ਹੈ। ਫ੍ਰੈਡਰਿਕਟਨ ਪੁਲਿਸ ਨੇ ਗੋਲ਼ੀਕਾਂਡ ਦੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਹੈ। ਘਟਨਾ ਸ਼ਹਿਰ ਦੀ ਮੇਨ ਤੇ ਰਿੰਗ ਰੋਡ ਨੇੜੇ ਸਵੇਰੇ ਸੱਤ ਵਜੇ ਵਾਪਰੀ। ਪੁਲਿਸ ਹਮਲਾਵਰਾਂ ਨੂੰ ਕਾਬੂ ਕਰਨ ਵਿੱਚ ਜੁਟੀ ਹੋਈ ਹੈ। ਕੈਨੇਡਾ ਵਿੱਚ ਪਿਛਲੇ ਮਹੀਨੇ ਵੀ ਗੋਲ਼ੀਬਾਰੀ ਦੀ ਘਟਨਾ ਹੋਈ ਸੀ, ਜਿਸ ਦੌਰਾਨ ਦੋ ਮੁਟਿਆਰਾਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖ਼ਮੀ ਹੋ ਗਏ ਸਨ।


ਸੀਬੀਸੀ ਨਿਊਜ਼ ਦੀ ਖ਼ਬਰ ਮੁਤਾਬਕ ਘਟਨਾ ਬਰੂਕਸਾਈਡ ਡ੍ਰਾਈਵ ਇਲਾਕੇ ਵਿੱਚ ਸਥਿਤ ਮਕਾਨ ਨੰਬਰ 237 ਵਿੱਚ ਰਹਿੰਦੇ ਪੁਲਿਸ ਅਧਿਕਾਰੀ ਕ੍ਰਿਸਟੋਫਰ ਗਿੱਲ ਨੇ ਸਵੇਰੇ ਨੌਂ ਵਜੇ ਤੋਂ ਪਹਿਲਾਂ ਆਪਣੇ ਘਰ ਦੇ ਨੇੜੇ ਗੋਲ਼ੀਆਂ ਚੱਲਣ ਦੀ ਆਵਾਜ਼ ਸੁਣੀ ਤੇ ਫੌਰਨ ਆਪਣੇ ਸਾਥੀ ਪੁਲਿਸ ਅਫ਼ਸਰਾਂ ਨੂੰ ਸੂਚਨਾ ਵੀ ਦਿੱਤੀ।

ਫਿਲਹਾਲ, ਗੋਲ਼ੀ ਚੱਲਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗਾ। ਪੁਲਿਸ ਨੇ ਲੋਕਾਂ ਨੂੰ ਘਟਨਾ ਵਾਲੇ ਸਥਾਨ ਯਾਨੀ ਕਿ ਬਰੂਕਸਾਈਡ ਡ੍ਰਾਈਵ ਵਾਲੇ ਪਾਸੇ ਜਾਣ ਤੋਂ ਰੋਕਿਆ ਹੈ ਤੇ ਸੁਝਾਅ ਦਿੱਤਾ ਹੈ ਕਿ ਘਰਾਂ ਵਿੱਚ ਹੀ ਰਹਿਣ।

ਤਫ਼ਸੀਲ ਲਈ ਉਡੀਕ ਕਰੋ।