ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿਸ ਚੇਨ ਇਮੀਗ੍ਰੇਸ਼ਨ ਜਾਂ ਫੈਮਿਲੀ ਇਮੀਗ੍ਰੇਸ਼ਨ ਦਾ ਪੁਰਜ਼ੋਰ ਵਿਰੋਧ ਕਰਦੇ ਹਨ, ਉਸੇ ਨੀਤੀ ਦਾ ਲਾਹਾ ਚੁੱਕਦਿਆਂ ਆਪਣੇ ਸੱਸ-ਸਹੁਰੇ ਨੂੰ ਆਪਣੇ ਕੋਲ ਲੈ ਆਏ ਹਨ। ਟਰੰਪ ਨੇ ਸਲੋਵੇਨੀਆਈ ਸੱਸ-ਸਹੁਰੇ ਨੂੰ ਅਮਰੀਕਾ ਦੀ ਨਾਗਰਿਕਤਾ ਵੀ ਦਿਵਾ ਦਿੱਤੀ ਹੈ। ਅਮਰੀਕਾ ਦੀ ਚੇਨ ਇਮੀਗ੍ਰੇਸ਼ਨ ਜਾਂ ਪਰਿਵਾਰ ਇਮੀਗ੍ਰੇਸ਼ਨ ਰਾਹੀਂ ਆਪਣੇ ਰਿਸ਼ਤੇਦਾਰਾਂ ਲਈ ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਸਕਦਾ ਹੈ।


ਨਿਊਯਾਰਕ ਟਾਈਮਜ਼ ਵਿੱਚ ਛਪੀ ਖ਼ਬਰ ਮੁਤਾਬਕ, ਅਮਰੀਕਾ ਦੀ ਪਹਿਲੀ ਔਰਤ ਮੇਲਾਨੀਆ ਟਰੰਪ ਦੇ ਮਾਪੇ ਏਮਾਲਿਜਾ ਤੇ ਵਿਕਟਰ ਕਨਾਵਸ ਨੂੰ ਬੀਤੇ ਕੱਲ੍ਹ ਨਿਊਯਾਰਕ ਦੇ ਫੈਡਰਲ ਇਮੀਗ੍ਰੇਸ਼ਨ ਕੋਰਟ ਵਿੱਚ ਇੱਕ ਨਿੱਜੀ ਸਮਾਗਮ ਦੌਰਾਨ ਅਮਰੀਕੀ ਨਾਗਰਿਕਤਾ ਦੇ ਦਿੱਤੀ ਗਈ।

ਇਸ ਤੋਂ ਪਹਿਲਾਂ ਮੇਲਾਨੀਆ ਦੇ ਮਾਪੇ ਉਨ੍ਹਾਂ ਵੱਲੋਂ ਸਪੌਂਸਰ ਕੀਤੇ ਗਏ ਗ੍ਰੀਨ ਕਾਰਡ ਦੇ ਸਹਾਰੇ ਅਮਰੀਕਾ ਵਿੱਚ ਰਹੇ ਰਹਿ ਸਨ। ਉਨ੍ਹਾਂ ਦੇ ਵਕੀਲ ਮਾਈਕਲ ਵਾਈਲਡਸ ਨੇ ਅਖ਼ਬਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਵਾਈਲਡਸ ਮੁਤਾਬਕ, ਇੱਕ ਵਾਰ ਗ੍ਰੀਨ ਕਾਰਡ ਮਿਲਣ ਤੋਂ ਬਾਅਦ ਉਹ ਯੋਗਤਾ ਦੇ ਆਧਾਰ 'ਤੇ ਨਾਗਰਿਕਤਾ ਲਈ ਬਿਨੈ ਕਰ ਸਕਦੇ ਹਨ।

ਇਹ ਪੁੱਛੇ ਜਾਣ 'ਤੇ ਕਿ ਕੀ ਕਨਾਵਸ ਨੇ ਚੇਨ ਇਮੀਗ੍ਰੇਸ਼ਨ ਰਾਹੀਂ ਨਾਗਰਿਕਤਾ ਹਾਸਲ ਕੀਤੀ ਹੈ, ਤਾਂ ਵਾਈਲਡਸ ਨੇ ਕਿਹਾ ਕਿ ਮੈਨੂੰ ਲਗਦਾ ਹੈ ਇਹ ਬਹੁਤ ਗੰਦੀ...ਬੇਹੱਦ ਗੰਦੀ ਦੁਨੀਆ ਹੈ। ਦੱਸ ਦੇਈਏ ਕਿ ਟਰੰਪ ਲਗਾਤਾਰ ਚੇਨ ਇਨੀਗ੍ਰੇਸ਼ਨ ਜਾਂ ਫੈਮਿਲੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਵਿਰੋਧ ਕਰਦੇ ਰਹੇ ਹਨ।

ਇੱਥੋਂ ਤਕ ਕਿ ਬੀਤੇ ਨਵੰਬਰ ਵਿੱਚ ਉਨ੍ਹਾਂ ਟਵੀਟ ਕੀਤਾ ਸੀ ਕਿ ਚੇਨ ਇਮੀਗ੍ਰੇਸ਼ਨ ਨੂੰ ਹੁਣ ਬੰਦ ਕਰ ਦੇਣਾ ਚਾਹੀਦਾ ਹੈ। ਕੁਝ ਲੋਕ ਆਉਂਦੇ ਹਨ, ਫਿਰ ਉਹ ਆਪਣੇ ਨਾਲ ਪੂਰਾ ਪਰਿਵਾਰ ਲੈ ਆਉਂਦੇ ਹਨ, ਜੋ ਬਹੁਤ ਖ਼ਰਾਬ ਹੈ ਤੇ ਸਵੀਕਾਰਯੋਗ ਨਹੀਂ ਹੈ।