ਬ੍ਰਿਟਿਸ਼ ਕੋਲੰਬੀਆ: ਨਿਊਜ਼ੀਲੈਂਡ ਦੀ ਬ੍ਰਿਟਿਸ਼ ਕੋਲੰਬੀਆ ਪਹੁੰਚੀ ਮਹਿਲਾ ਦੀ ਸਿਕਾਮਸ ਦੀ ਝੀਲ ਵਿੱਚ ਛਾਲ ਮਾਰਨ ਤੋਂ ਬਾਅਦ ਮੌਤ ਹੋ ਗਈ। ਘਟਨਾ ਉਦੋਂ ਵਾਪਰੀ ਜਦ ਇਸ ਮਹਿਲਾ ਨੇ 3 ਹੋਰ ਜਾਣਿਆਂ ਨਾਲ ਮਿਲ ਕੇ ਪੁਲ ਤੋਂ ਝੀਲ ਵਿੱਚ ਛਾਲ ਮਾਰੀ। ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਤੜਕੇ ਕਰੀਬ ਦੋ ਵਜੇ ਵਾਪਰੀ। ਮਹਿਲਾ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ। 20 ਮੀਟਰ ਉੱਚਾਈ 'ਤੇ ਬਣਿਆ ਇਹ ਪੁਲ ਉਸ ਚੈਨਲ 'ਤੇ ਬਣਿਆ ਹੈ ਜੋ ਸ਼ੁਸਵਪ ਤੇ ਮਾਰਾ ਝੀਲਾਂ ਨੂੰ ਜੋੜਦਾ ਹੈ।


ਜਦ ਛਾਲ ਮਾਰਨ ਤੋਂ ਬਾਅਦ ਮਹਿਲਾ ਪਾਣੀ ਤੋਂ ਉਪਰ ਹੀ ਨਾ ਆਈ ਤਾਂ ਉਸ ਦੇ ਦੋਸਤਾਂ ਨੇ ਗੋਤੇ ਲਾ ਕੇ ਮਹਿਲਾ ਨੂੰ ਭਾਲਿਆ ਤੇ ਉਸ ਨੂੰ ਲੈ ਕੇ ਕੰਢੇ ਤਕ ਪਹੁੰਚੇ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਮੁਤਾਬਕ ਘਟਨਾ 'ਚ ਕੁਝ ਅਪਰਾਧਕ ਨਹੀਂ ਹੈ। ਪਾਣੀ ਨਾਲ ਸਬੰਧਤ ਸਿਕਾਮਸ ਦੀ ਦੂਜੀ ਮੌਤ ਹੈ ਜਦਕਿ ਖਬਰਾਂ ਅਨੁਸਾਰ ਸੂਬੇ ਵਿਚ ਡੁੱਬ ਕੇ ਹੋਈਆਂ ਮੌਤਾਂ ਦੀ ਗਿਣਤੀ 34 ਹੋ ਚੁੱਕੀ ਸੀ।