ਨਵੀਂ ਦਿੱਲੀ: ਭਾਰਤ ਦੇ ਸੀਨੀਅਰ ਅਫ਼ਸਰ ਨੇ ਬ੍ਰਿਟਿਸ਼ ਏਅਰਵੇਅਜ਼ 'ਤੇ ਨਸਲੀ ਵਿਤਕਰਾ ਤੇ ਬੇਰੁਖ਼ੀ ਵਾਲਾ ਵਤੀਰਾ ਕਰਨ ਦੇ ਦੋਸ਼ ਲਾਇਆ ਹੈ। ਅਫ਼ਸਰ ਮੁਤਾਬਕ ਬੀਤੀ 23 ਜੁਲਾਈ ਨੂੰ ਏਅਰਲਾਈਨਜ਼ ਨੇ ਲੰਡਨ ਤੋਂ ਬਰਲਿਨ ਜਾਂਦੀ ਫਲਾਈਟ ਦੇ ਉਡਾਣ ਭਰਨ ਤੋਂ ਇੱਕਦਮ ਪਹਿਲਾਂ ਉਸ ਨੂੰ ਪੂਰੇ ਪਰਿਵਾਰ ਸਮੇਤ ਜਹਾਜ਼ ਵਿੱਚੋਂ ਇਸ ਲਈ ਉਤਾਰ ਦਿੱਤਾ ਗਿਆ, ਕਿਉਂਕਿ ਉਸ ਦਾ ਤਿੰਨ ਸਾਲਾ ਬੱਚਾ ਰੋਣ ਲੱਗ ਪਿਆ ਸੀ।


ਪੀੜਤ ਅਫ਼ਸਰ ਨੇ ਇਸ ਬਾਬਤ ਬੀਤੀ ਤਿੰਨ ਅਗਸਤ ਨੂੰ ਸਿਵਲ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੂੰ ਘਟਨਾ ਬਾਰੇ ਲਿਖਿਆ ਹੈ। ਅਫ਼ਸਰ ਨੇ ਲਿਖਿਆ ਕਿ ਜਹਾਜ਼ ਵਿੱਚ ਉਨ੍ਹਾਂ ਪਿੱਛੇ ਇੱਕ ਹੋਰ ਭਾਰਤੀ ਪਰਿਵਾਰ ਬੈਠਾ ਸੀ, ਜੋ ਉਸ ਦੇ ਰੋਂਦੇ ਬੱਚੇ ਨੂੰ ਵਰਾਉਣ ਲਈ ਬਿਸਕੁਟ ਦੇ ਰਿਹਾ ਸੀ। ਇਸ ਤੋਂ ਬਾਅਦ ਏਅਰਲਾਈਨਜ਼ ਦੇ ਸੁਰੱਖਿਆ ਗਾਰਡ ਆਏ ਤੇ ਉਨ੍ਹਾਂ ਤੋਂ ਬੋਰਡਿੰਗ ਪਾਸ ਖੋਹ ਕੇ ਲੈ ਗਏ। ਏਅਰਲਾਈਨਜ਼ ਦੇ ਗਾਹਕ ਸੇਵਾ ਅਧਿਕਾਰੀ ਨੇ ਉਨ੍ਹਾਂ ਨੂੰ ਹੇਠਾਂ ਉਤਾਰਨ ਦਾ ਕੋਈ ਕਾਰਨ ਵੀ ਨਹੀਂ ਦੱਸਿਆ।

ਅਫ਼ਸਰ ਨੇ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਜਹਾਜ਼ ਦੇ ਅਮਲੇ ਦੇ ਇੱਕ ਪੁਰਸ਼ ਮੈਂਬਰ ਨੇ ਉਸ ਦੇ ਛੋਟੇ ਪੁੱਤਰ ਦੇ ਰੋਣ 'ਤੇ ਕਾਫੀ ਸਖ਼ਤ ਵਤੀਰਾ ਕੀਤਾ। ਉਸ ਨੇ ਲਿਖਿਆ ਕਿ ਉਸ ਦੀ ਪਤਨੀ ਆਪਣੇ ਪੁੱਤਰ ਨੂੰ ਚੁੱਪ ਕਰਵਾ ਰਹੀ ਸੀ, ਪਰ ਉਹ ਉਸ ਜਹਾਜ਼ ਦੇ ਸਟਾਫ਼ ਮੈਂਬਰ ਵੱਲੋਂ ਝਿੜਕੇ ਜਾਣ ਤੋਂ ਬਹੁਤ ਡਰ ਗਿਆ ਤੇ ਚੁੱਪ ਨਾ ਹੋਇਆ। ਉਸ ਨੇ ਇਹ ਵੀ ਕਿਹਾ ਕਿ ਜਦ ਜਹਾਜ਼ ਹਵਾਈ ਪੱਟੀ 'ਤੇ ਦੌੜਨ ਲੱਗਾ ਤਾਂ ਉਹੀ ਵਿਅਕਤੀ ਫਿਰ ਆਇਆ ਤੇ ਬੱਚੇ ਨੂੰ ਕਹਿਣ ਲੱਗਾ, "ਤੂੰ ਚੁੱਪ ਕਰ ਕੇ ਬੈਠ, ਨਹੀਂ ਤਾਂ ਤੈਨੂੰ ਸ਼ੀਸ਼ੇ ਥਾਣੀਂ ਬਾਹਰ ਸੁੱਟ ਦਿੱਤਾ ਜਾਏਗਾ।"

ਸੜਕ ਆਵਾਜਾਈ ਮੰਤਰਾਲਾ ਵਿੱਚ ਸੰਯੁਕਤ ਸਕੱਤਰ ਪੱਧਰ ਦੇ ਇਸ ਅਫ਼ਸਰ ਮੁਤਾਬਕ ਉਸ ਨੇ ਏਅਰਲਾਈਨਜ਼ ਪ੍ਰਬੰਧਕਾਂ ਨੂੰ ਉਡਾਣ ਅਮਲੇ ਦੇ ਅਜਿਹੇ ਬੁਰੇ ਵਤੀਰੇ ਬਾਰੇ ਸ਼ਿਕਾਇਤ ਵੀ ਦਿੱਤੀ, ਪਰ ਕੋਈ ਹੱਲ ਨਾ ਹੋਇਆ। ਉਸ ਨੇ ਦੱਸਿਆ ਕਿ ਬਰਲਿਨ ਪਹੁੰਚਣ ਲਈ ਉਨ੍ਹਾਂ ਨੂੰ ਆਪਣੇ ਪੱਧਰ 'ਤੇ ਹੀ ਹੱਲ ਕਰਨਾ ਪਿਆ। ਉਹ ਬੇਹੱਦ ਮਹਿੰਗੇ ਭਾਅ ਟਿਕਟ ਖਰੀਦ ਕੇ ਅਗਲੇ ਦਿਨ ਦੀ ਉਡਾਣ ਵਿੱਚ ਬੈਠੇ।

ਘਟਨਾ ਬਾਰੇ ਬ੍ਰਿਟਿਸ਼ ਏਅਰਵੇਅਜ਼ ਦੇ ਬੁਲਾਰੇ ਨੇ ਦੱਸਿਆ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹਨ। ਬੁਲਾਰੇ ਨੇ ਕਿਹਾ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ ਤੇ ਆਪਣੇ ਗਾਹਕ ਨਾਲ ਲਗਾਤਾਰ ਸੰਪਰਕ ਵਿੱਚ ਹਨ।