ਬੋਗੋਟਾ: ਕੋਲੰਬੀਆ ਦੇ ਨਵੇਂ ਰਾਸ਼ਟਰਪਤੀ ਇਵਾਨ ਡਿਊਕ ਵੱਲੋਂ ਅਹੁਦਾ ਸੰਭਾਲਣ ਤੋਂ ਕੁਝ ਦਿਨ ਪਹਿਲਾਂ ਹੀ ਪੁਰਾਣੀ ਸਰਕਾਰ ਵੱਲੋਂ ਫ਼ਿਲਸਤੀਨ ਨੂੰ ਆਜ਼ਾਦ ਦੇਸ਼ ਵਜੋਂ ਮਾਨਤਾ ਦੇ ਦਿੱਤੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਨਤਕ ਕੀਤੇ ਗਏ ਪੱਤਰ ਤੋਂ ਇਹ ਜਾਣਕਾਰੀ ਮਿਲੀ ਹੈ, ਜੋ ਤਿੰਨ ਅਗਸਤ ਨੂੰ ਜਾਰੀ ਕੀਤਾ ਗਿਆ ਹੈ।
ਪੱਤਰ ਵਿੱਚ ਲਿਖਿਆ ਗਿਆ ਹੈ, "ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਕੋਲੰਬੀਆ ਦੀ ਸਰਕਾਰ ਦੇ ਨਾਂ 'ਤੇ ਰਾਸ਼ਟਰਪਤੀ ਜੂਆਨ ਮੈਨੂਅਲ ਸੈਂਟੋਸ ਨੇ ਫ਼ਿਲਸਤੀਨ ਨੂੰ ਮੁਕਤ, ਆਜ਼ਾਦ ਤੇ ਖ਼ੁਦਮੁਖ਼ਤਿਆਰ ਦੇਸ਼ ਦੇ ਰੂਪ ਵਿੱਚ ਮਾਨਤਾ ਦੇਣ ਦਾ ਫੈਸਲਾ ਕੀਤਾ ਹੈ।" ਇਸ ਪੱਤਰ 'ਤੇ ਸੈਂਟੋਸ ਦੇ ਵਿਦੇਸ਼ ਮੰਤਰੀ ਮਾਰਿਆ ਏਂਜੇਲਾ ਹੋਲਗੀਅਮ ਦੇ ਦਸਤਖ਼ਤ ਵੀ ਹਨ।
ਨਵੇਂ ਵਿਦੇਸ਼ ਮੰਤਰੀ ਕਾਰਲੋਸ ਹੋਲਮੇਸ ਨੇ ਕਿਹਾ ਕਿ ਉਹ ਪੁਰਾਣੀ ਸਰਕਾਰ ਦੇ ਇਸ ਫੈਸਲੇ ਨੂੰ ਲਾਗੂ ਕੀਤੇ ਜਾਣ ਬਾਰੇ ਕੌਮਾਂਤਰੀ ਕਾਨੂੰਨ ਤੇ ਚੰਗੇ ਕੂਟਨੀਤਕ ਸਬੰਧਾਂ ਨੂੰ ਵੇਖਦਿਆਂ ਇਸ ਦੀ ਸਮੀਖਿਆ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਦੇ ਗੁਆਂਢੀ ਫ਼ਿਲਸਤੀਨ ਨੂੰ ਦੇਸ਼ ਦਾ ਦਰਜਾ ਨਹੀਂ ਮਿਲਿਆ ਹੋਇਆ। ਉਹ ਯੂਐਨ ਦਾ ਮੈਂਬਰ ਹੈ, ਪਰ ਦੁਨੀਆ ਦੇ ਵੱਡੇ ਦੇਸ਼ਾਂ ਨੇ ਉਸ ਨੂੰ ਦੇਸ਼ ਦਾ ਦਰਜਾ ਨਹੀਂ ਦਿੱਤਾ ਹੋਇਆ। ਅਜਿਹੇ ਵਿੱਚ ਕੋਲੰਬੀਆ ਵਰਗੇ ਵੱਡੇ ਦੇਸ਼ ਦਾ ਇਹ ਕਦਮ ਫ਼ਿਲਸਤੀਨ ਦੇ ਦੇਸ਼ ਬਣਨ ਦੀ ਮੰਗ ਨੂੰ ਤਾਕਤ ਦੇਣ ਵਾਲਾ ਸਾਬਤ ਹੋਵੇਗਾ।