ਮੁਲਜ਼ਮ ਦੀ ਪਛਾਣ 18 ਸਾਲਾ ਟਾਇਰੌਨ ਮੈਕ ਅਲਿਸਟਰ ਵਜੋਂ ਹੋਈ ਹੈ। ਉਸ ਨਾਲ 16 ਸਾਲਾ ਅੱਲ੍ਹੜ ਉਮਰ ਦੇ ਮੁੰਡੇ ਸਿਰ ਵਾਰਦਾਤ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਹਨ। ਟਾਇਰੌਨ ਯੂਨੀਅਨ ਸਿਟੀ ਪੁਲਿਸ ਚੀਫ਼ ਡੈਰੇਅਲ ਮੈਕ ਅਲਿਸਟਰ ਦਾ ਪੁੱਤ ਹੈ। ਪੁਲਿਸ ਨੇ ਦੋਵਾਂ ਨੂੰ 71 ਸਾਲਾ ਬਜ਼ੁਰਗ ਸਿੱਖ ਸਾਹਿਬ ਸਿੰਘ ਨੱਤ ਉੱਪਰ ਬੀਤੀ ਛੇ ਅਗਸਤ ਨੂੰ ਮੈਨਟੇਕਾ ਸ਼ਹਿਰ ਦੀ ਸੜਕ ਕਿਨਾਰੇ ਹਮਲਾ ਕਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਦੋਵਾਂ 'ਤੇ ਲੁੱਟ-ਖੋਹ ਕਰਨ, ਵੱਡਿਆਂ ਨਾਲ ਬੁਰਾ ਵਤੀਰਾ ਕਰਨ ਤੇ ਮਾਰੂ ਹਥਿਆਰ ਨਾਲ ਹਮਲਾ ਕਰਨ ਸਬੰਧੀ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ।
ਆਪਣੇ ਪੁੱਤਰ ਦਾ ਨਾਂ ਇਸ ਜੁਰਮ ਵਿੱਚ ਆਉਣ 'ਤੇ ਪੁਲਿਸ ਚੀਫ਼ ਮੈਕ ਐਲਿਸਟਰ ਨੇ ਫੇਸਬੁੱਕ 'ਤੇ ਸ਼ਰਮਿੰਦਗੀ ਮਹਿਸੂਸ ਕੀਤੀ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਦਾ ਪੁੱਤਰ ਪਰਿਵਾਰ ਤੋਂ ਲੰਮੇ ਸਮੇਂ ਤੋਂ ਦੂਰ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਉਹ ਸ਼ਬਦਾਂ ਵਿੱਚ ਨਹੀਂ ਬਿਆਨ ਕਰ ਸਕਦੇ ਕਿ ਇਸ ਸਭ ਨੇ ਉਨ੍ਹਾਂ ਦੀ ਪਤਨੀ, ਧੀਆਂ ਤੇ ਉਨ੍ਹਾਂ ਖ਼ੁਦ ਨੂੰ ਕਿੰਨਾ ਸ਼ਰਮਿੰਦਾ ਕੀਤਾ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਦੇ ਪੁੱਤਰ ਦੀ ਇਸ ਹਮਲੇ ਵਿੱਚ ਸ਼ਮੂਲੀਅਤ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਦੇ ਢਿੱਡ ਵਿੱਚ ਦਰਦ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੀ 6 ਅਗਸਤ ਨੂੰ ਮੈਨਟੇਕਾ ਸ਼ਹਿਰ ਦੀ ਇੱਕ ਸੜਕ ਕੰਢੇ ਦੋ ਨੌਜਵਾਨਾਂ ਨੇ 71 ਸਾਲਾ ਸਾਹਿਬ ਸਿੰਘ ਨੱਤ ਨੂੰ ਘੇਰਿਆ ਤੇ ਉਨ੍ਹਾਂ ਦੇ ਢਿੱਡ ਵਿੱਚ ਲੱਤਾਂ ਨਾਲ ਕਈ ਵਾਰ ਕੀਤੇ। ਹਮਲਾਵਰ ਨੇ ਨੱਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਨ੍ਹਾਂ ਦੀ ਦਸਤਾਰ ਉਤਾਰ ਦਿੱਤੀ। ਇੰਨਾ ਹੀ ਨਹੀਂ ਉਹ ਜਾਂਦਾ ਹੋਇਆ ਬਜ਼ੁਰਗ ਸਿੱਖ 'ਤੇ ਥੁੱਕ ਵੀ ਗਿਆ। ਇਸ ਤੋਂ ਪਹਿਲਾਂ 31 ਜੁਲਾਈ ਨੂੰ 50 ਸਾਲਾ ਸੁਰਜੀਤ ਸਿੰਘ ਮੱਲ੍ਹੀ 'ਤੇ ਵੀ ਹਮਲਾ ਹੋਇਆ ਸੀ। ਇੱਕ ਹਫ਼ਤੇ ਦੌਰਾਨ ਦੋ ਸਿੱਖਾਂ 'ਤੇ ਹਮਲੇ ਹੋਣ ਨਾਲ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।