ਬੈਂਕਾਕ: ਥਾਈਲੈਂਡ ਦੀ ਅਦਾਲਤ ਨੇ ਅਮਰੀਕਾ ਤੋਂ ਹਵਾਲਗੀ ਦੇ ਇੱਕ ਸਾਲ ਤੋਂ ਜ਼ਿਆਦਾ ਸਮੇਂ ਪਿੱਛੋਂ ਅੱਜ ਸਾਬਕਾ ਬੁੱਧ ਭਿਕਸ਼ੂ ਨੂੰ 114 ਸਾਲਾਂ ਦੀ ਸਜ਼ਾ ਸੁਣਾਈ ਹੈ। ਵਿਰਾਫੋਨ ਸੁਕਫੋਨ 2013 ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ ਜਦੋਂ ਉਸ ਦੀ ਪ੍ਰਾਈਵੇਟ ਜਹਾਜ਼ ’ਤੇ ਡਿਜ਼ਾਈਨਰ ਐਵੀਏਟਰ ਐਨਕਾਂ ਲਾਏ ਤੇ ਲੂਈ ਵੀਟੌਨ ਦੀ ਬੈਗ ਲਈ ਇੱਕ ਫੁਟੇਜ਼ ਸਾਹਮਣੇ ਆਇਆ ਸੀ।

ਬੈਂਕਾਕ ਦੀ ਅਦਾਲਤ ਦੇ ਅਧਿਕਾਰੀ ਨੇ ਦੱਸਿਆ ਕਿ ਸੁਕਫੋਨ ਨੂੰ ਕਾਲ਼ਾ ਧਨ, ਧੋਖਾਧੜੀ, ਆਨਲਾਈਨ ਚੰਦਾ ਇਕੱਠਾ ਕਰਨ ਆਦਿ ਲਈ ਕੰਪਿਊਟਰ ਕ੍ਰਾਈਮ ਐਕਟ ਦਾ ਉਲੰਘਣ ਕਰਨ ਦਾ ਦੋਸ਼ੀ ਕਰਾਰ ਦਿੰਦਿਆਂ 114 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਥਾਈਲੈਂਡ ਦੇ ਕਾਨੂੰਨ ਮੁਤਾਬਕ ਸੁਕਫੋਨ 20 ਸਾਲ ਤੋਂ ਵੱਧ ਦੀ ਸਜ਼ਾ ਨਹੀਂ ਕੱਟੇਗਾ।

39 ਸਾਲ ਦਾ ਸੁਕਫੋਨ ਅਮਰੀਕਾ ਫਰਾਰ ਹੋ ਗਿਆ ਸੀ ਪਰ ਨਾਬਾਲਗ ਨਾਲ ਬਲਾਤਕਾਰ ਕਰਨ ਤੇ ਦਾਨ ਦੇਣ ਵਾਲਿਆਂ ਨੂੰ ਧੋਖਾ ਦੇਣ ਦੇ ਇਲਜ਼ਾਮਾਂ ਬਾਅਦ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਸੀ। ਦਾਨ ਦੇਣ ਵਾਲਿਆਂ ਨੇ ਦੁਨੀਆ ਦੀ ਸਭ ਤੋਂ ਵੱਡੀ ਬੁੱਧ ਮੂਰਤੀ ਬਣਾਉਣ ਲਈ ਉਸ ਨੂੰ ਧਨ ਦਿੱਤਾ ਸੀ। ਜਾਂਚ ਵਿੱਚ ਪਤਾ ਚੱਲਿਆ ਕਿ ਉਸ ਨੇ ਕਈ ਲਗਜ਼ਰੀ ਕਾਰਾਂ ਖਰੀਦੀਆਂ ਹੋਈਆਂ ਸੀ ਤੇ ਉਸ ਦੇ ਵੱਖ-ਵੱਖ ਬੈਂਕ ਖਾਤਿਆਂ ਵਿੱਚ 7 ਲੱਖ ਡਾਲਰ (4,80,55,350 ਰੁਪਏ) ਦੀ ਰਕਮ ਜਮ੍ਹਾ ਹੈ।

ਦੱਸਿਆ ਜਾਂਦਾ ਹੈ ਕਿ ਉਸ ਨੂੰ 29 ਦਾਨ ਦਾਤਿਆਂ ਦੇ 8,61,700 ਡਾਲਰ ਵਾਪਸ ਕਰਨੇ ਪੈਣਗੇ। ਸਰਕਾਰੀ ਵਕੀਲ ਨੇ ਦੱਸਿਆ ਕਿ ਬਲਾਤਕਾਰ ਦੇ ਮਾਮਲੇ ’ਤੇ ਅਕਤੂਬਰ ਵਿੱਚ ਫੈਸਲਾ ਆਉਣ ਦੀ ਸੰਭਾਵਨਾ ਹੈ।