ਲਾਹੌਰ: ਪਾਕਿਸਤਾਨੀ ਕੁੜੀਆਂ ਦੀ ਚੀਨ ਵਿੱਚ ਸਪਲਾਈ ਹੋ ਰਹੀ ਹੈ। ਇੱਖ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ ਹੁਣ ਤੱਕ 629 ਲੜਕੀਆਂ ਤੇ ਮਹਿਲਾਵਾਂ ਚੀਨੀ ਮਰਦਾਂ ਨੂੰ ਵੇਚੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਨੂੰ ਚੀਨੀ ਵਿਆਹ ਕੇ ਆਪਣੇ ਨਾਲ ਲੈ ਗਏ ਹਨ। ਇਸ ਸਬੰਧੀ ਸੂਚੀ ਦ ਐਸੋਸੀਏਟ ਪ੍ਰੈੱਸ ਨੇ ਹਾਸਲ ਕੀਤੀ ਹੈ ਜਿਸ ਨੂੰ ਪਾਕਿਸਤਾਨ ਦੇ ਖੁਫੀਆ ਵਿਭਾਗ ਨੇ ਮਨੁੱਖੀ ਤਸਕਰੀ ਦਾ ਕਾਰੋਬਾਰ ਬੇਨਕਾਬ ਕਰਨ ਦੌਰਾਨ ਤਿਆਰ ਕੀਤਾ ਸੀ।


ਇਹ ਸੂਚੀ 2018 ਤੋਂ ਹੁਣ ਤੱਕ ਦੇ ਸਭ ਤੋਂ ਦਰੁਸਤ ਅੰਕੜੇ ਪੇਸ਼ ਕਰਦੀ ਹੈ, ਪਰ ਜੂਨ ਵਿੱਚ ਇਸ ਤਸਕਰੀ ਖ਼ਿਲਾਫ਼ ਚਲਾਈ ਗਈ ਮੁਹਿੰਮ ਨੂੰ ਰੋਕ ਦਿੱਤਾ ਗਿਆ ਸੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਹਿੰਮ ਸਰਕਾਰ ਦੇ ਦਬਾਅ ਕਾਰਨ ਰੋਕਣੀ ਪਈ ਸੀ ਕਿਉਂਕਿ ਅਧਿਕਾਰੀ ਨੂੰ ਡਰ ਸੀ ਕਿ ਇਸ ਨਾਲ ਪਾਕਿਸਤਾਨ ਤੇ ਪੇਈਚਿੰਗ ਵਿਚਾਲੇ ਰਿਸ਼ਤਿਆਂ ’ਤੇ ਅਸਰ ਪੈ ਸਕਦਾ ਹੈ। ਅਕਤੂਬਰ ਵਿੱਚ ਫ਼ੈਸਲਾਬਾਦ ਦੀ ਅਦਾਲਤ ਨੇ 31 ਚੀਨੀ ਨਾਗਰਿਕਾਂ ਨੂੰ ਮਨੁੱਖੀ ਤਸਕਰੀ ਲਈ ਦੋਸ਼ੀ ਠਹਿਰਾਇਆ ਸੀ।

ਅਦਾਲਤ ਦੇ ਅਧਿਕਾਰੀ ਨੇ ਦੱਸਿਆ ਕਿ ਬਹੁਤ ਸਾਰੀਆਂ ਔਰਤਾਂ ਨੇ ਆਪਣੇ ਵੇਚੇ ਜਾਣ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਧਮਕਾਇਆ ਗਿਆ ਸੀ। ਦੋ ਮਹਿਲਾਵਾਂ ਨੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਕੁਝ ਦੱਸਣਾ ਮੰਨਿਆ ਸੀ। ਚੀਨ ਤੋਂ ਬਹੁਤ ਸਾਰੀਆਂ ਮੁਟਿਆਰਾਂ ਨੂੰ ਛੁਡਾਉਣ ਵਾਲੇ ਸਮਾਜ ਸੇਵੀ ਸਲੀਮ ਇਕਬਾਲ ਨੇ ਦੱਸਿਆ ਕਿ ਇਸੇ ਦੌਰਾਨ ਸਰਕਾਰ ਵੱਲੋਂ ਦਬਾਅ ਪਾਏ ਜਾਣ ਕਾਰਨ ਸੰਘੀ ਜਾਂਚ ਏਜੰਸੀ ਨੂੰ ਮਨੁੱਖੀ ਤਸਕਰੀ ਖ਼ਿਲਾਫ਼ ਆਪਣੀ ਮੁਹਿੰਮ ਠੱਪ ਕਰਨੀ ਪਈ।