ਕੋਲੰਬੋ: ਸ੍ਰੀਲੰਕਾ ਦੀ ਸੱਤਾਧਾਰੀ ਪਾਰਟੀ ਅਤੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਚਕਾਰ ਸੋਮਵਾਰ ਨੂੰ ਝੜਪਾਂ ਹੋਣ ਕਾਰਨ, ਇੱਕ ਸੀਨੀਅਰ ਵਿਧਾਇਕ ਦੀ ਮੌਤ ਹੋ ਗਈ, ਜਦੋਂ ਕਿ ਕਈ ਜ਼ਖਮੀ ਹੋ ਗਏ।ਸਾਂਸਦ ਅਮਰਕੀਰਥੀ ਅਥੁਕੋਰਾਲਾ ਨੇ ਨਿਤੰਬੁਵਾ ਵਿੱਚ ਆਪਣੀ ਕਾਰ ਨੂੰ ਰੋਕਣ ਵਾਲੇ ਦੋ ਲੋਕਾਂ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਬਾਅਦ ਵਿੱਚ, ਉਹ ਨੇੜੇ ਦੀ ਇੱਕ ਇਮਾਰਤ ਵਿੱਚ ਸ਼ਰਨ ਲੈਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਮ੍ਰਿਤਕ ਪਾਇਆ ਗਿਆ।
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਕਦਮ ਅੰਤ੍ਰਿਮ ਸਰਕਾਰ ਬਣਾਉਣ ਦੀ ਵਿਰੋਧੀ ਧਿਰ ਦੀ ਮੰਗ ਅੱਗੇ ਝੁਕਦੇ ਹੋਏ ਚੁੱਕਿਆ ਹੈ। ਇਸ ਦੌਰਾਨ ਚੱਲ ਰਹੀਆਂ ਹਿੰਸਕ ਝੜਪਾਂ ਦਰਮਿਆਨ ਦੇਸ਼ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।
ਸ੍ਰੀਲੰਕਾ 1948 ਵਿੱਚ ਆਪਣੀ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਪਗ ਖਤਮ ਹੋ ਚੁੱਕਾ ਹੈ, ਜਿਸ ਕਾਰਨ ਇਹ ਜ਼ਰੂਰੀ ਚੀਜ਼ਾਂ ਦੀ ਦਰਾਮਦ ਕਰਨ ਤੋਂ ਅਸਮਰੱਥ ਹੈ। ਇਸ ਦੇ ਮੱਦੇਨਜ਼ਰ ਬੰਗਲਾਦੇਸ਼ ਨੇ ਕਰੰਸੀ ਸਵੈਪ ਰਾਹੀਂ ਦਿੱਤੇ 200 ਮਿਲੀਅਨ ਡਾਲਰ ਦੀ ਮੁੜ ਅਦਾਇਗੀ ਦੀ ਮਿਆਦ ਇੱਕ ਸਾਲ ਲਈ ਵਧਾ ਦਿੱਤੀ ਹੈ।
ਬੰਗਲਾਦੇਸ਼ ਬੈਂਕ ਦੇ ਡਾਇਰੈਕਟਰਾਂ ਨੇ ਇੱਕ ਮੀਟਿੰਗ ਵਿੱਚ ਇਹ ਫੈਸਲਾ ਲਿਆ। ਡੇਲੀ ਮਿਰਰ ਦੀ ਰਿਪੋਰਟ ਮੁਤਾਬਕ ਕੇਂਦਰੀ ਬੈਂਕ ਦੇ ਬੁਲਾਰੇ ਸੇਰਾਜੁਲ ਇਸਲਾਮ ਨੇ ਕਿਹਾ ਕਿ ਕਰਜ਼ੇ ਦੀਆਂ ਸ਼ਰਤਾਂ ਨੂੰ ਬਦਲੇ ਬਿਨਾਂ ਇਸ ਨੂੰ ਵਧਾਇਆ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਦਾ ਸਰਕਾਰ ਖਿਲਾਫ ਪ੍ਰਦਰਸ਼ਨ ਜਾਰੀ ਹੈ।