Pahalgam Terror Attack: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ (Pehalgam Terror Attack) ਤੋਂ ਬਾਅਦ ਸੁਰੱਖਿਆ ਬਲਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ, ਫੌਜ ਨੇ POK ਵਿੱਚ 42 ਅੱਤਵਾਦੀ ਕੈਂਪਾਂ ਦੀ ਪਛਾਣ ਕੀਤੀ। ਦੱਸਿਆ ਜਾ ਰਿਹਾ ਹੈ ਕਿ ਜੇਕਰ ਲੋੜ ਪਈ ਤਾਂ ਇਨ੍ਹਾਂ ਕੈਂਪਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ। ਇਨ੍ਹਾਂ ਵਿੱਚ 10 ਉੱਤਰੀ ਪੀਰ ਪੰਜਾਲ ਰੇਂਜ (ਕਸ਼ਮੀਰ ਦੇ ਦੂਜੇ ਪਾਸੇ ਪੀਓਕੇ ਵਿੱਚ) ਅਤੇ 32 ਦੱਖਣੀ ਪੀਰ ਪੰਜਾਲ ਰੇਂਜ (ਜੰਮੂ ਦੇ ਦੂਜੇ ਪਾਸੇ ਪੀਓਕੇ ਵਿੱਚ) ਸ਼ਾਮਲ ਹਨ।
ਪੀਓਕੇ (POK) ਵਿੱਚ ਕੁੱਲ 110 ਤੋਂ 130 ਅੱਤਵਾਦੀ ਲਾਂਚ ਪੈਡ ਹੋਣ ਦੀ ਸੰਭਾਵਨਾ
ਪੀਓਕੇ (POK) ਵਿੱਚ ਕੁੱਲ 110 ਤੋਂ 130 ਅੱਤਵਾਦੀ ਲਾਂਚ ਪੈਡ ਹੋਣ ਦੀ ਸੰਭਾਵਨਾ ਹੈ। ਉੱਤਰੀ ਪੀਰ ਪੰਜਾਲ ਵਿੱਚ 30 ਤੋਂ 35 ਅੱਤਵਾਦੀ ਲਾਂਚ ਪੈਡ ਹਨ। ਪੀਓਕੇ ਦੇ ਦੱਖਣੀ ਪੀਰ ਪੰਜਾਲ ਖੇਤਰ ਵਿੱਚ ਲਗਭਗ 100 ਅੱਤਵਾਦੀ ਲਾਂਚ ਪੈਡ ਹਨ। ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਇੱਕ ਦਿਨ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਸਬੰਧੀ ਕੈਬਨਿਟ ਕਮੇਟੀ (CCS) ਬੁੱਧਵਾਰ ਸ਼ਾਮ ਨੂੰ ਮੀਟਿੰਗ ਕਰ ਰਹੀ ਹੈ।
ਪਹਿਲਗਾਮ ਹਮਲੇ ਤੋਂ ਬਾਅਦ ਸਖ਼ਤ ਕਾਰਵਾਈ ਕਰ ਸਕਦਾ ਭਾਰਤ
ਪੀਐਮ ਮੋਦੀ ਤੋਂ ਇਲਾਵਾ, ਸੁਰੱਖਿਆ ਬਾਰੇ ਕੈਬਨਿਟ ਕਮੇਟੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ਾਮਲ ਹਨ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਖ਼ਤ ਕਾਰਵਾਈ ਕਰ ਸਕਦਾ ਹੈ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ CCS ਮੀਟਿੰਗ ਵਿੱਚ ਪਾਕਿਸਤਾਨ ਨਾਲ ਕੂਟਨੀਤਕ ਸਬੰਧ ਖਤਮ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ। ਸਿੰਧੂ ਜਲ ਸਮਝੌਤੇ 'ਤੇ ਵੀ ਵੱਡਾ ਫੈਸਲਾ ਲਿਆ ਜਾ ਸਕਦਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਹਰ ਜ਼ਰੂਰੀ ਕਦਮ ਚੁੱਕੇਗੀ। ਉਨ੍ਹਾਂ ਕਿਹਾ, "ਸਾਡੀ ਅੱਤਵਾਦ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਹੈ। ਭਾਰਤ ਦਾ ਹਰ ਨਾਗਰਿਕ ਇਸ ਕਾਇਰਾਨਾ ਕਾਰਵਾਈ ਵਿਰੁੱਧ ਇੱਕਜੁੱਟ ਹੈ। ਭਾਰਤ ਨੂੰ ਡਰਾਇਆ ਨਹੀਂ ਜਾ ਸਕਦਾ। ਮੈਂ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਸ ਘਟਨਾ ਦੇ ਮੱਦੇਨਜ਼ਰ, ਭਾਰਤ ਸਰਕਾਰ ਹਰ ਜ਼ਰੂਰੀ ਅਤੇ ਢੁਕਵਾਂ ਕਦਮ ਚੁੱਕੇਗੀ।" ਇਸ ਤੋਂ ਪਹਿਲਾਂ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲਗਾਮ ਦੇ ਬੈਸਰਨ ਦਾ ਦੌਰਾ ਕੀਤਾ, ਜਿੱਥੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ।