Pahalgam Terror Attack: ਜੰਮੂ-ਕਸ਼ਮੀਰ ਦੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਪਾਕਿਸਤਾਨੀ ਕਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਗੁਆਂਢੀ ਦੇਸ਼ ਪੂਰੀ ਤਰ੍ਹਾਂ ਬੌਖਲਾ ਗਿਆ ਹੈ। ਇਸ ਦੌਰਾਨ ਪਾਕਿਸਤਾਨ ਦੇ ਰੇਲ ਮੰਤਰੀ ਹਨੀਫ ਅਬਾਸੀ ਨੇ ਭਾਰਤ ਨੂੰ ਗਿੱਦੜ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਸਾਡਾ ਪਾਣੀ ਰੋਕਿਆ ਗਿਆ ਤਾਂ ਜੰਗ ਲਈ ਤਿਆਰ ਰਹੋ। ਉਸਨੇ ਕਿਹਾ ਕਿ ਅਸੀਂ ਗੌਰੀ, ਸ਼ਾਹੀਨ, ਗਜ਼ਨਵੀ ਅਤੇ 130 ਪਰਮਾਣੂ ਹਥਿਆਰ ਸਿਰਫ਼ ਭਾਰਤ ਲਈ ਰੱਖੇ ਹਨ। ਇਹ ਸਾਰੇ ਹਥਿਆਰ ਦਾ ਰੁਖ ਭਾਰਤ ਵੱਲ ਹੀ ਹੈ।

ਭਾਰਤ ਨੇ ਤੇਜ਼ ਰਫ਼ਤਾਰ ਕਾਰਵਾਈ ਕਰਦਿਆਂ ਸਿੰਧੂ ਜਲ ਸੰਧੀ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ। ਇਸ ਕਾਰਨ ਭਾਰਤ ਨੇ ਪਾਕਿਸਤਾਨ ਵੱਲ ਜਾਣ ਵਾਲਾ ਪਾਣੀ ਰੋਕ ਦਿੱਤਾ ਹੈ। ਇਸਦੇ ਨਾਲ ਹੀ ਭਾਰਤ ਨੇ ਪਾਕਿਸਤਾਨੀ ਉੱਚਾਯੁਕਤ ਕੋਲੋਂ ਕਈ ਅਧਿਕਾਰੀਆਂ ਨੂੰ ਵਾਪਸ ਜਾਣ ਦਾ ਹੁਕਮ ਵੀ ਦੇ ਦਿੱਤਾ ਹੈ। ਜਵਾਬ ਵਜੋਂ, ਪਾਕਿਸਤਾਨ ਨੇ ਭਾਰਤ ਲਈ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਹੈ ਅਤੇ ਸ਼ਿਮਲਾ ਐਗਰੀਮੈਂਟ ਨੂੰ ਵੀ ਰੱਦ ਕਰ ਦਿੱਤਾ ਹੈ।

ਪਾਕਿਸਤਾਨ ਦੇ ਰੇਲ ਮੰਤਰੀ ਹਨੀਫ ਅੱਬਾਸੀ ਦਾ ਐਲਾਨ

ਜੰਮੂ-ਕਸ਼ਮੀਰ ਦੀ ਬੈਸਰਨ ਘਾਟੀ ਵਿੱਚ 22 ਅਪ੍ਰੈਲ 2025 ਨੂੰ ਹੋਏ ਭਿਆਨਕ ਅੱਤਵਾਦੀ ਹਮਲੇ, ਜਿਸ ਵਿੱਚ 26 ਨਿਰਦੋਸ਼ ਸੈਲਾਨੀ ਮਾਰੇ ਗਏ ਸਨ, ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਚਰਮ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਪਾਕਿਸਤਾਨ ਨੇ ਜੰਗ ਵਰਗੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਨਾਲ ਖੇਤਰੀ ਅਸਥਿਰਤਾ ਦੀ ਚਿੰਤਾ ਵਧ ਗਈ ਹੈ।

ਪਾਕਿਸਤਾਨ ਦੇ ਰੇਲ ਮੰਤਰੀ ਹਨੀਫ ਅੱਬਾਸੀ ਨੇ ਐਲਾਨ ਕੀਤਾ ਹੈ ਕਿ ਦੇਸ਼ ਦੇ ਸਾਰੇ ਰੇਲਵੇ ਸਟੇਸ਼ਨਾਂ ਨੂੰ ਪਾਕਿਸਤਾਨੀ ਹਥਿਆਰਬੰਦ ਬਲਾਂ ਦੇ ਅਧੀਨ ਕਰ ਦਿੱਤਾ ਗਿਆ ਹੈ। ਇਸ ਕਦਮ ਦਾ ਮਕਸਦ ਫੌਜੀ ਉਪਕਰਨਾਂ ਅਤੇ ਹਥਿਆਰਾਂ ਦੀ ਤੇਜ਼ੀ ਨਾਲ ਆਵਾਜਾਈ ਨੂੰ ਯਕੀਨੀ ਬਣਾਉਣਾ ਹੈ, ਤਾਂ ਜੋ ਸੰਭਾਵਿਤ ਜੰਗ ਦੀ ਸਥਿਤੀ ਵਿੱਚ ਫੌਜੀ ਤਿਆਰੀ ਵਿੱਚ ਕੋਈ ਦੇਰੀ ਨਾ ਆਵੇ।

ਹੁਣ ਪਾਕਿਸਤਾਨ ਰੇਲਵੇ ਫੌਜ ਦੇ ਨਿਯੰਤਰਣ ਹੇਠ

ਪਾਕਿਸਤਾਨ ਦੇ ਰੇਲ ਮੰਤਰੀ ਹਨੀਫ ਅੱਬਾਸੀ ਦੇ ਅਨੁਸਾਰ, ਸਾਰੇ ਰੇਲਵੇ ਸਟੇਸ਼ਨਾਂ 'ਤੇ ਫੌਜੀ ਡੈਸਕ ਸਥਾਪਤ ਕਰ ਦਿੱਤੇ ਗਏ ਹਨ। ਪੂਰਾ ਲਾਜਿਸਟਿਕ ਸਿਸਟਮ ਹੁਣ ਪਾਕਿਸਤਾਨੀ ਹਥਿਆਰਬੰਦ ਬਲਾਂ ਦੇ ਨਿਯੰਤਰਣ ਹੇਠ ਆ ਗਿਆ ਹੈ। ਟੈਂਕ, ਭਾਰੀ ਹਥਿਆਰ ਅਤੇ ਹੋਰ ਫੌਜੀ ਸਾਮਾਨ ਹੁਣ ਰੇਲਵੇ ਰਾਹੀਂ ਜ਼ਰੂਰਤ ਮੁਤਾਬਕ ਸਿੱਧਾ ਤੌਰ 'ਤੇ ਟਰਾਂਸਫਰ ਕੀਤਾ ਜਾ ਸਕੇਗਾ। ਅੱਬਾਸੀ ਨੇ ਕਿਹਾ, "ਸਾਡੇ ਅਧਿਕਾਰੀ ਪੂਰੀ ਤਰ੍ਹਾਂ ਤਿਆਰ ਹਨ ਅਤੇ ਜਰੂਰਤ ਪੈਣ 'ਤੇ ਫੌਜ ਦੇ ਹੁਕਮ ਅਨੁਸਾਰ ਕੰਮ ਕਰਨਗੇ।"