ਚੰਡੀਗੜ੍ਹ: ਪਾਕਿਸਤਾਨ ਸਰਕਾਰ ਨੇ ਜਮਾਤ-ਉਦ-ਦਾਵਾ, ਫਾਲਹ-ਏ-ਇਨਸਾਨੀਅਤ ਫਾਊਂਡੇਸ਼ਨ ਤੇ ਜੈਸ਼-ਏ-ਮੁਹੰਮਦ ਨਾਲ ਸਬੰਧ ਰੱਖਣ ਵਾਲੀਆਂ 11 ਜਥੇਬੰਦੀਆਂ 'ਤੇ ਪਾੰਬਦੀ ਲਾ ਦਿੱਤੀ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਗ੍ਰਹਿ ਮੰਤਰੀ ਏਜਾਜ਼ ਸ਼ਾਹ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ।


ਜਮਾਤ-ਉਦ-ਦਾਵਾ ਤੇ ਫਾਲਹ-ਏ-ਇਨਸਾਨੀਅਤ ਲਸ਼ਕਰ-ਏ-ਤਾਇਬਾ ਦੇ ਸੰਸਥਾਪਕ ਤੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨਾਲ ਜੁੜੀਆਂ ਜਮਾਤਾਂ ਹਨ। ਜੈਸ਼-ਏ-ਮੁਹੰਮਦ ਮਸੂਦ ਅਜ਼ਹਰ ਦੀ ਅੱਤਵਾਦੀ ਜਥੇਬੰਦੀ ਹੈ ਤੇ ਇਹ ਦੋਵੇਂ ਲੀਡਰ ਗਲੋਬਲ ਅੱਤਵਾਦੀ ਐਲਾਨੇ ਜਾ ਚੁੱਕੇ ਹਨੇ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਸੰਯੁਕਤ ਰਾਸ਼ਟਰ ਦੇ ਹੁਕਮਾਂ ਤਹਿਤ ਇਹਨਾਂ ਜਥੇਬੰਦੀਆਂ 'ਤੇ ਬੈਨ ਲਾ ਦਿੱਤਾ ਹੈ।

ਇਸ ਤੋਂ ਪਹਿਲਾਂ ਪਾਕਿਸਤਾਨ ਸਰਕਰ ਨੇ ਰਮਜ਼ਾਨ ਮਹੀਨੇ ਇਨ੍ਹਾਂ ਜਥੇਬੰਦੀਆਂ ਨੂੰ ਚੰਦਾ ਨਾ ਦੇਣ ਦੀ ਅਪੀਲ ਕੀਤੀ ਹੋਈ ਹੈ ਕਿਉਂਕਿ ਇਸਲਾਮ ਧਰਮ 'ਚ ਰਮਜ਼ਾਨ ਦਾ ਪਵਿੱਤਰ ਮਹੀਨਾ ਦਾਨ ਪੁੰਨ ਦਾ ਮੰਨਿਆ ਜਾਂਦਾ ਤੇ ਇਸੇ ਮਹੀਨੇ 'ਚ ਪਾਬੰਦੀਸ਼ੁਦਾ ਜਥੇਬੰਦੀਆਂ ਵੱਡੀ ਗਿਣਤੀ 'ਚ ਫੰਡ ਇਕੱਠਾ ਕਰਦੀਆਂ ਹਨ। ਇਸ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਦੇ ਕਾਨੂੰਨ ਤਹਿਤ ਪਾਕਿਸਤਾਨ ਸਰਕਾਰ ਨੇ ਫੰਡ ਨਾ ਦੇਣ ਦੇ ਹੁਕਮ ਜਾਰੀ ਕੀਤੇ ਹਨ।