ਲਾਹੌਰ: ਪਾਕਿਸਤਾਨ ਦੇ ਸਿੰਧ ਸੂਬੇ ’ਚ ਦੋ ਨਾਬਾਲਿਗ ਕੁੜੀਆਂ ਦੇ ਧਰਮ ਬਦਲਵਾ ਕੇ ਉਨ੍ਹਾਂ ਦੇ ਨਿਕਾਹ ਕਰਾਉਣ ਵਾਲੇ ਮੌਲਵੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੌਲਵੀ ਸਣੇ ਚਾਰ ਮੁਲਜ਼ਮ ਗ੍ਰਿਫਤਾਰ ਹੋਏ ਹਨ। ਹਾਸਲ ਜਾਣਕਾਰੀ ਮੁਤਾਬਕ ਮੌਲਵੀ ਨੂੰ ਸਿੰਧ ਦੇ ਖਾਨਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਮਾਮਲੇ 'ਤੇ ਰਿਪੋਰਟ ਮੰਗੀ ਸੀ। ਇਸ ਤੋਂ ਬਾਅਦ ਪਾਕਿ ਦੇ ਸੂਚਨਾ ਮੰਤਰੀ ਤੇ ਸੁਸ਼ਮਾ ਸਵਰਾਜ 'ਚ ਸ਼ਬਦੀ ਜੰਗ ਛਿੜ ਗਈ ਸੀ। ਦਰਅਸਲ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਦੋ ਨਾਬਾਲਿਗ ਕੁੜੀਆਂ ਦਾ ਧਰਮ ਬਦਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੋਵੇਂ ਕੁੜੀਆਂ ਨੂੰ ਪਹਿਲਾਂ ਅਗ਼ਵਾ ਕੀਤਾ ਗਿਆ ਤੇ ਬਾਅਦ ‘ਚ ਜ਼ਬਰਦਸਤੀ ਉਨ੍ਹਾਂ ਤੋਂ ਇਸਲਾਮ ਕਬੂਲ ਕਰਵਾਇਆ ਗਿਆ। ਇੰਨਾ ਹੀ ਨਹੀਂ ਦੋਵੇਂ ਕੁੜੀਆਂ ਦਾ ਨਿਕਾਹ ਵੀ ਕਰਵਾ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਸਿੰਧ ‘ਚ ਹਿੰਦੂ ਧਰਮ ਦੇ ਲੋਕਾਂ ਨੇ ਪ੍ਰਦਰਸ਼ਨ ਕੀਤਾ।
ਹੋਲੀ ਤੋਂ ਇੱਕ ਦਿਨ ਪਹਿਲਾਂ 13 ਸਾਲਾ ਰਵੀਨਾ ਤੇ 15 ਸਾਲਾ ਰੀਨਾ ਨੂੰ ਇੱਕ ਸਮੂਹ ਨੇ ਅਗਵਾ ਕਰ ਲਿਆ ਸੀ ਜਿਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਮੌਲਵੀ ਦੋਵੇਂ ਕੁੜੀਆਂ ਦਾ ਨਿਕਾਹ ਕਰਦਾ ਨਜ਼ਰ ਆ ਰਿਹਾ ਸੀ। ਇਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਈ ਜਿਸ ਵਿੱਚ ਕੁੜੀਆਂ ਇਸਲਾਮ ਅਪਨਾਉਣ ਦਾ ਦਾਅਵਾ ਕਰਦੀਆਂ ਹੋਈਆਂ ਕਹਿ ਰਹੀਆਂ ਸੀ ਕਿ ਉਨ੍ਹਾਂ ਨਾਲ ਕਿਸੇ ਨੇ ਜ਼ਬਰਦਸਤੀ ਨਹੀਂ ਕੀਤੀ।
ਮਾਮਲਾ ਸਾਹਮਣੇ ਆਉਣ ਪਿੱਛੋਂ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਿਪੋਰਟ ਮੰਗੀ ਸੀ। ਉਨ੍ਹਾਂ ਨੇ ਟਵੀਟ ਕਰ ਕਿਹਾ, “ਮੈਂ ਪਾਕਿਸਤਾਨ ‘ਚ ਮੌਜੂਦ ਭਾਰਤੀ ਦੂਤਾਵਾਸ ਨੂੰ ਕਿਹਾ ਹੈ ਕਿ ਉਹ ਪੂਰੇ ਮਾਮਲੇ ‘ਚ ਸਾਨੂੰ ਰਿਪੋਰਟ ਦਿਓ। ਪਾਕਿਸਤਾਨ ਦੇ ਸਿੰਧ ‘ਚ ਦੋ ਕੁੜੀਆਂ ਨੂੰ ਹੋਲੀ ਤੋਂ ਇੱਕ ਦਿਨ ਪਹਿਲਾਂ ਅਗਵਾ ਕੀਤਾ ਗਿਆ।”