ਬੀਜਿੰਗ: ਪਿਛਲੇ ਮਹੀਨੇ ਭਾਰਤ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਸਥਿਤ ਅੱਤਵਾਦੀ ਟਿਕਾਣਿਆਂ 'ਤੇ ਕੀਤੀ ਏਅਰ ਸਟ੍ਰਾਈਕ ਮਗਰੋਂ ਪਾਕਿਸਤਾਨੀ ਜਹਾਜ਼ਾਂ ਨੇ ਭਾਰਤੀ ਸਰਹੱਦ ਅੰਦਰ ਬੰਬ ਸੁੱਟੇ ਸੀ। ਇਸ ਦੌਰਾਨ ਭਾਰਤ-ਪਾਕਿਸਤਾਨ ਦਰਮਿਆਨ ਡਾਗਫਾਈਟ ਹੋਈ ਤੇ ਭਾਰਤ ਦਾ ਮਿੱਗ-21 ਕ੍ਰੈਸ਼ ਹੋਇਆ ਤੇ ਪਾਕਿਸਤਾਨ ਦਾ ਐਫ-16 ਸੁੱਟ ਦਿੱਤਾ ਗਿਆ। ਹੁਣ ਚੀਨ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਕੋਲ ਐਫ-16 ਲੜਾਕੂ ਜਹਾਜ਼ ਨਹੀਂ ਬਲਕਿ ਚੀਨ ਵੱਲੋਂ ਤਿਆਰ ਕੀਤੇ ਜੇਐਫ-17 ਥੰਡਰ ਨੇ ਭਾਰਤੀ ਮਿੱਗ-21 ਨੂੰ ਸੁੱਟਿਆ ਸੀ।
ਚੀਨ ਦੀ ਕੌਮੀ ਰੱਖਿਆ ਯੂਨੀਵਰਸਿਟੀ (ਐਨਡੀਯੂ) ਵਿੱਚ ਪ੍ਰੋਫੈਸਰ ਜਿਨ ਯੀਨਾਨਾ ਨੇ ਕਿਹਾ ਹੈ ਕਿ ਅਮਰੀਕੀ ਜੈੱਟ ਐਫ-16 ਨੇ ਨਹੀਂ ਬਲਕਿ ਹੋ ਸਕਦਾ ਹੈ ਜੇਐਫ-17 ਥੰਡਰ ਨੇ ਭਾਰਤੀ ਜੈੱਟ ਮਿਗ-21 ਨੂੰ ਸੁੱਟਿਆ ਹੋਵੇ। ਜਿਨ ਨੇ ਇਹ ਵੀ ਕਿਹਾ ਕਿ ਜ਼ਮੀਨ ਤੋਂ ਹਵਾ ਵਿੱਚ ਮਾਰ ਕਰ ਸਕਣ ਵਾਲੀ ਮਿਸਾਈਲ ਨਹੀਂ ਬਲਕਿ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਸਾਈਲ ਨਾਲ ਮਿਗ-21 ਨੂੰ ਸੁੱਟਿਆ ਗਿਆ। ਕੁਝ ਸਮਾਂ ਪਹਿਲਾਂ ਪਾਕਿਸਤਾਨੀ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਵੀ ਕਿਹਾ ਸੀ ਕਿ ਉਨ੍ਹਾਂ ਭਾਰਤ ਖ਼ਿਲਾਫ਼ ਐਫ-16 ਲਈ ਨਹੀਂ ਬਲਕਿ ਜੇਐਫ-17 ਥੰਡਰ ਜਹਾਜ਼ ਦੀ ਵਰਤੋਂ ਕੀਤੀ ਗਈ ਸੀ। ਚੀਨੀ ਮਾਹਰ ਨੇ ਵੀ ਪਾਕਿਸਤਾਨ ਦੇ ਬਿਆਨ ਨੂੰ ਮਜ਼ਬੂਤੀ ਦੇਣ ਲਈ ਇਹੋ ਸੰਭਾਵਨਾ ਜਤਾਈ ਹੈ।
ਜੇਐਫ-17 ਲੜਾਕੂ ਜਹਾਜ਼ ਚੀਨ ਅਤੇ ਪਾਕਿਸਤਾਨ ਨੇ ਮਿਲ ਕੇ ਤਿਆਰ ਕੀਤਾ ਹੈ। ਜਿਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦ ਉਹ ਪਾਕਿਸਤਾਨ ਨਾਲ ਰਲ ਕੇ ਜੇਐਫ-17 ਥੰਡਰ ਨੂੰ ਹੋਰ ਵਿਕਸਤ ਕਰਨ ਵਿੱਚ ਲੱਗਿਆ ਹੋਇਆ ਹੈ। ਜਿਨ ਨੇ ਪਾਕਿਸਤਾਨ ਵੱਲੋਂ ਇਸ ਕਾਰਵਾਈ ਵਿੱਚ ਐਫ-16 ਦੀ ਵਰਤੋਂ ਨਾ ਕਰਨ ਦੇ ਕਈ ਕਾਰਨ ਵੀ ਦੱਸੇ, ਜਿਨ੍ਹਾਂ ਵਿੱਚ ਅਮਰੀਕਾ ਨਾਲ ਕੀਤਾ ਕਰਾਰ ਵੀ ਹੈ ਕਿ ਪਾਕਿਸਤਾਨ ਇਸ ਜਹਾਜ਼ ਦੀ ਵਰਤੋਂ ਕਿਸੇ ਹਮਲਾਵਰ ਕਾਰਵਾਈ ਲਈ ਨਹੀਂ ਕਰੇਗਾ। ਅਮਰੀਕਾ ਨੇ ਵੀ ਪਾਕਿਸਤਾਨ ਤੋਂ ਭਾਰਤ ਵਿੱਚ ਬੰਬ ਸੁੱਟਣ ਲਈ ਆਪਣੇ ਤਿਆਰ ਕੀਤੇ ਜਹਾਜ਼ ਵਰਤਣ ਬਾਰੇ ਰਿਪੋਰਟ ਤਲਬ ਕੀਤੀ ਹੈ।