ਇਸਲਾਮਾਬਾਦ: ਪਾਕਿਸਤਾਨ ਵਿੱਚ ਹਿੰਦੂ ਕੁੜੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਕੁੜੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ ਸਗੋਂ ਉਸ ਨੇ ਆਪਣੀ ਮਰਜ਼ੀ ਨਾਲ ਧਰਮ ਬਦਲਿਆ ਹੈ। ਯਾਦ ਰਹੇ ਸੂਬਾ ਸਿੰਧ ਦੇ ਜ਼ਿਲ੍ਹਾ ਜੈਕਬਾਬਾਦ ਦੇ ਗੋਟਕੀ 'ਚ ਇਸੇ ਹਫ਼ਤੇ ਕਥਿਤ ਤੌਰ 'ਤੇ ਹਿੰਦੂ ਕੁੜੀ ਨੂੰ ਅਗਵਾ ਕਰਨ ਦੀਆਂ ਰਿਪੋਰਟਾਂ ਆਈਆਂ ਸੀ।

ਹਣ ਮਹਿਕ ਕੁਮਾਰੀ (15 ਸਾਲ) ਪੁਤਰੀ ਵਿਜੈ ਕੁਮਾਰ ਬਾਰੇ ਜਾਰੀ ਵੀਡੀਓ 'ਚ ਨਾ ਸਿਰਫ਼ ਉਹ ਸਵੀਕਾਰ ਕਰਦੀ ਵਿਖਾਈ ਗਈ ਹੈ ਕਿ ਉਸ ਨੇ ਆਪਣੀ ਇੱਛਾ ਨਾਲ ਗੈਰ ਹਿੰਦੂ ਨਾਲ ਨਿਕਾਹ ਕੀਤਾ, ਸਗੋਂ ਇਹ ਵੀ ਕਿ ਉਸ ਨੇ ਬਿਨਾ ਕਿਸੇ ਬਾਹਰੀ ਦਬਾਅ ਦੇ ਦਰਗਾਹ ਅਰਮੂਹ ਸ਼ਰੀਫ਼ 'ਚ ਇਸਲਾਮ ਵੀ ਕਬੂਲ ਕੀਤਾ।

ਇਸਲਾਮ ਸਵੀਕਾਰ ਕਰਨ ਉਪਰੰਤ ਬੀਬੀ ਅਲੀਜ਼ਾ ਬਣੀ ਮਹਿਕ ਨੇ ਦੱਸਿਆ ਕਿ ਉਹ ਅਲੀ ਰਜ਼ਾ ਮਾਚੀ (28 ਸਾਲ) ਨਾਲ ਨਿਕਾਹ ਕਰਨ ਉਪਰੰਤ ਆਪਣੇ ਪਰਿਵਾਰ ਪਾਸ ਵਾਪਸ ਨਹੀਂ ਜਾਵੇਗੀ। ਦੱਸਣਯੋਗ ਹੈ ਕਿ ਬੀਤੇ ਦਿਨ ਭਾਰਤ ਸਰਕਾਰ ਨੇ ਦਿੱਲੀ ਸਥਿਤ ਉਕਤ ਪਾਕਿ ਹਿੰਦੂ ਕੁੜੀ ਸਮੇਤ ਦੋ ਹੋਰ ਹਿੰਦੂ ਕੁੜੀਆਂ ਦੇ ਅਗਵਾ ਕੀਤੇ ਜਾਣ ਨੂੰ ਲੈ ਕੇ ਇਤਰਾਜ਼ ਜਤਾਇਆ ਸੀ।