ਕਰਾਚੀ: ਪਾਕਿਸਤਾਨੀ ਮੀਡੀਆ ਮੁਤਾਬਕ ਕ੍ਰਿਸ਼ਨਾ ਕੁਮਾਰੀ ਕੋਲੀ ਪਾਕਿਸਤਾਨ ਦੇ ਸਿੰਧ ਪ੍ਰਾਂਤ ਤੋਂ ਹਿੰਦੂ ਦਲਿਤ ਔਰਤ ਹੈ, ਜੋ ਇਤਿਹਾਸਕ ਤੌਰ 'ਤੇ ਮੁਸਲਿਮ ਬਹੁਲ ਦੇਸ਼ 'ਚ ਸੈਨੇਟਰ ਚੁਣੀ ਗਈ ਹੈ। ਕੋਲੀ (39) ਥਾਰ ਤੋਂ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ ਦੀ ਮੈਂਬਰ ਹੈ। ਉਸ ਨੇ ਸਿੰਧ ਵਿੱਚੋਂ ਔਰਤਾਂ ਲਈ ਰਾਖਵੀਂ ਸੀਟ ਤੋਂ ਚੋਣ ਜਿੱਤੀ ਹੈ। ਉਸ ਦੀ ਚੋਣ ਔਰਤਾਂ ਤੇ ਪਾਕਿਸਤਾਨ ਵਿਚਲੇ ਘੱਟ ਗਿਣਤੀ ਦੇ ਹੱਕਾਂ ਲਈ ਵੱਡਾ ਮੀਲ ਦਾ ਪੱਥਰ ਹੈ। ਇਸ ਤੋਂ ਪਹਿਲਾ ਪੀਪੀਪੀ ਨੇ ਪਹਿਲੀ ਹਿੰਦੂ ਔਰਤ ਰਤਨਾ ਭਗਵਾਨ ਦਾਸ ਚਾਵਲਾ ਨੂੰ ਸੈਨੇਟਰ ਵਜੋਂ ਚੁਣਿਆ ਸੀ।



ਇਸ ਤੋਂ ਪਹਿਲਾਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਰਾਜ ਦੀ ਵਿਧਾਨ ਸਭਾ ਵਿੱਚ ਹਿੰਦੂ ਮੈਂਬਰ ਬਲਦੇਵ ਕੁਮਾਰ ਨੇ ਸਹੁੰ ਚੁੱਕਣ ਤੋਂ ਰੋਕਣ 'ਤੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਉਹ ਸਿੱਖ ਵਿਧਾਇਕ ਸੋਰਨ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ 'ਚ ਇਸ ਸਮੇਂ ਜੇਲ੍ਹ 'ਚ ਹੈ। ਸੋਰਨ ਸਿੰਘ ਦੀ ਸਾਲ 2016 ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।



ਸੋਰਨ ਸਿੰਘ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਟਿਕਟ ਉਤੇ ਘੱਟ ਗਿਣਤੀ ਭਾਈਚਾਰੇ ਵਾਲੀ ਸੀਟ ਤੋਂ ਚੁਣੇ ਗਏ ਸਨ। ਬਲਦੇਵ ਕੁਮਾਰ ਨੇ ਪਿਸ਼ਾਵਰ ਹਾਈ ਕੋਰਟ 'ਚ ਖੈਬਰ ਪਖਤੂਨਖਵਾ ਵਿਧਾਨ ਸਭਾ ਦੇ ਸਪੀਕਰ ਅਤੇ ਵਿਰੋਧੀ ਮੈਂਬਰਾਂ ਖਿਲਾਫ ਅਰਜ਼ੀ ਦਿੱਤੀ ਹੈ।