ਪਾਕਿਸਤਾਨੀ ਫ਼ੌਜ ਨੇ ਪਹਿਲੀ ਵਾਰ ਅਧਿਕਾਰਤ ਤੌਰ 'ਤੇ ਸਵੀਕਾਰ ਕੀਤਾ ਹੈ ਕਿ ਉਸ ਦੀ 1999 ਦੀ ਕਾਰਗਿਲ ਜੰਗ ਵਿੱਚ ਸ਼ਮੂਲੀਅਤ ਸੀ ਜਿਸ ਵਿੱਚ ਪਾਕਿਸਤਾਨ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੁੱਕਰਵਾਰ (6 ਸਤੰਬਰ) ਨੂੰ ਰੱਖਿਆ ਦਿਵਸ ਦੇ ਮੌਕੇ 'ਤੇ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਕਾਰਗਿਲ 'ਚ ਪਾਕਿ ਫੌਜ ਦੇ ਜਵਾਨਾਂ ਦੀ ਮੌਤ ਨੂੰ ਸਵੀਕਾਰ ਕੀਤਾ। ਇਸ ਨੂੰ ਪਹਿਲਾਂ ਕਦੇ ਸਵੀਕਾਰ ਨਹੀਂ ਕੀਤਾ ਗਿਆ ਸੀ।
ਹਾਲਾਂਕਿ, ਹੁਣ ਤੱਕ ਪਾਕਿਸਤਾਨ ਦੇ ਕਿਸੇ ਵੀ ਫੌਜ ਮੁਖੀ, ਚਾਹੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਸ਼ਾਹਿਦ ਅਜ਼ੀਜ਼ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਾਰਗਿਲ ਯੁੱਧ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਨੂੰ ਸਵੀਕਾਰ ਨਹੀਂ ਕੀਤਾ ਸੀ।
ਜਾਣੋ ਕੀ ਕਿਹਾ ਪਾਕਿ ਆਰਮੀ ਚੀਫ਼ ਨੇ?
ਜਨਰਲ ਮੁਨੀਰ ਨੇ ਕਿਹਾ ਕਿ ਪਾਕਿਸਤਾਨੀ ਭਾਈਚਾਰਾ ਬਹਾਦਰਾਂ ਦਾ ਭਾਈਚਾਰਾ ਹੈ। ਜੋ ਆਜ਼ਾਦੀ ਦੀ ਮਹੱਤਤਾ ਨੂੰ ਸਮਝਦਾ ਹੈ ਅਤੇ ਇਸਦੀ ਕੀਮਤ ਕਿਵੇਂ ਅਦਾ ਕਰਨੀ ਹੈ। 1948, 1965, 1971 ਜਾਂ 1999 ਦੀ ਕਾਰਗਿਲ ਜੰਗ ਹੋਵੇ, ਹਜ਼ਾਰਾਂ ਫੌਜੀਆਂ ਨੇ ਦੇਸ਼ ਅਤੇ ਇਸਲਾਮ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ।
ਪਿਛਲੇ 25 ਸਾਲਾਂ 'ਚ ਪਾਕਿਸਤਾਨੀ ਫੌਜ ਦਾ ਇਹ ਪਹਿਲਾ ਇਕਬਾਲੀਆ ਬਿਆਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਕਿਸੇ ਵੀ ਜਨਰਲ ਨੇ ਅਹੁਦੇ 'ਤੇ ਰਹਿੰਦਿਆਂ ਕਾਰਗਿਲ ਜੰਗ ਨੂੰ ਲੈ ਕੇ ਅਜਿਹਾ ਸਪੱਸ਼ਟ ਬਿਆਨ ਨਹੀਂ ਦਿੱਤਾ ਸੀ।
ਇਸ ਤੋਂ ਪਹਿਲਾਂ ਪਾਕਿਸਤਾਨ ਸ਼ੁਰੂ ਤੋਂ ਹੀ ਦਾਅਵਾ ਕਰਦਾ ਰਿਹਾ ਹੈ ਕਿ ਕਾਰਗਿਲ ਯੁੱਧ ਵਿੱਚ ਕਸ਼ਮੀਰੀ ਅੱਤਵਾਦੀ ਸ਼ਾਮਲ ਸਨ, ਜਿਨ੍ਹਾਂ ਨੂੰ ਉਹ ਮੁਜਾਹਿਦੀਨ ਕਹਿੰਦਾ ਹੈ। ਇਸ ਕਾਰਨ ਉਸ ਨੇ ਕਾਰਗਿਲ ਜੰਗ ਵਿੱਚ ਮਾਰੇ ਗਏ ਆਪਣੇ ਸੈਨਿਕਾਂ ਦੀਆਂ ਲਾਸ਼ਾਂ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਭਾਰਤ ਨੇ ਪੂਰੇ ਫੌਜੀ ਸਨਮਾਨਾਂ ਨਾਲ ਪਾਕਿਸਤਾਨੀ ਫੌਜੀਆਂ ਦਾ ਅੰਤਿਮ ਸੰਸਕਾਰ ਕੀਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :