ਲਾਹੌਰ : ਪਾਕਿਸਤਾਨੀ ਫੌਜ ਨੇ ਜਾਣਕਾਰੀ ਦਿੱਤੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ 9 ਮਈ ਨੂੰ ਗ੍ਰਿਫਤਾਰੀ ਤੋਂ ਬਾਅਦ ਹਿੰਸਕ ਪ੍ਰਦਰਸ਼ਨਾਂ ਦੌਰਾਨ ਫੌਜੀ ਸਥਾਪਨਾਵਾਂ ਦੀ ਸੁਰੱਖਿਆ ਵਿੱਚ ਅਸਫਲ ਰਹਿਣ ਲਈ ਇੱਕ ਲੈਫਟੀਨੈਂਟ-ਜਨਰਲ ਸਮੇਤ ਤਿੰਨ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ।
ਪਾਕਿਸਤਾਨੀ ਫੌਜ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇੱਕ ਲੈਫਟੀਨੈਂਟ ਜਨਰਲ ਸਮੇਤ 3 ਅਫਸਰਾਂ ਨੂੰ ਫੌਜ ਦੀ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ, ਜਦੋਂ ਕਿ 3 ਮੇਜਰ ਜਨਰਲਾਂ ਅਤੇ 7 ਬ੍ਰਿਗੇਡੀਅਰਾਂ ਸਮੇਤ 15 ਅਫਸਰਾਂ ਖਿਲਾਫ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ।
ਫੌਜ ਦੇ ਤਿੰਨ ਅਫਸਰਾਂ ਦਾ ਕੋਰਟ ਮਾਰਸ਼ਲ
ਇੰਟਰ-ਸਰਵਿਸ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਦੇ ਡੀਜੀ ਮੇਜਰ ਜਨਰਲ ਅਹਿਮਦ ਸ਼ਰੀਫ਼ ਨੇ ਕਿਹਾ, "9 ਮਈ ਦੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਦੁਸ਼ਮਣ 76 ਸਾਲਾਂ ਵਿੱਚ ਜੋ ਨਹੀਂ ਕਰ ਸਕਿਆ, ਉਹ ਕੁਝ ਬਦਮਾਸ਼ਾਂ ਅਤੇ ਉਨ੍ਹਾਂ ਦੇ ਮਦਦਗਾਰਾਂ ਨੇ ਕਰ ਦਿਤਾ ਹੈ।" ਆਈਐਸਪੀਆਰ ਦੇ ਡੀਜੀ ਨੇ ਅੱਗੇ ਕਿਹਾ ਕਿ ਫੌਜ ਵੱਲੋਂ ਲੈਫਟੀਨੈਂਟ ਜਨਰਲ ਸਮੇਤ ਤਿੰਨ ਅਧਿਕਾਰੀਆਂ ਦਾ ਕੋਰਟ ਮਾਰਸ਼ਲ ਕੀਤਾ ਗਿਆ ਹੈ।
ਪੀਟੀਆਈ ਵਰਕਰਾਂ ਨੇ ਹਮਲਾ ਕੀਤਾ
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ (9 ਮਈ) ਤੋਂ ਬਾਅਦ, ਉਸਦੀ ਪਾਰਟੀ ਪੀਟੀਆਈ ਦੇ ਕਾਰਕੁਨਾਂ ਨੇ ਫੈਸਲਾਬਾਦ ਵਿੱਚ ਲਾਹੌਰ ਕੋਰ ਕਮਾਂਡਰ ਹਾਊਸ, ਮੀਆਂਵਾਲੀ ਏਅਰਬੇਸ ਅਤੇ ਆਈਐਸਆਈ ਦੀ ਇਮਾਰਤ ਸਮੇਤ 20 ਤੋਂ ਵੱਧ ਫੌਜੀ ਅਦਾਰਿਆਂ ਅਤੇ ਸਰਕਾਰੀ ਇਮਾਰਤਾਂ ਵਿੱਚ ਭੰਨਤੋੜ ਕੀਤੀ। ਰਾਵਲਪਿੰਡੀ ਵਿਚ ਫੌਜ ਦੇ ਹੈੱਡਕੁਆਰਟਰ (ਜੀ.ਐੱਚ.ਕਿਊ.) 'ਤੇ ਵੀ ਭੀੜ ਨੇ ਹਮਲਾ ਕੀਤਾ ਸੀ।
ਫੌਜ ਦੇ ਬੁਲਾਰੇ ਮੇਜਰ ਜਨਰਲ ਅਰਸ਼ਦ ਸ਼ਰੀਫ ਨੇ ਕਿਹਾ ਕਿ ਫੌਜ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਮਰਥਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਲੈ ਕੇ ਦੋ ਜਾਂਚਾਂ ਕੀਤੀਆਂ ਹਨ ਅਤੇ ਕਾਰਵਾਈ ਕੀਤੀ ਹੈ। "ਜਵਾਬਦੇਹੀ ਪ੍ਰਕਿਰਿਆ ਦੇ ਨਾਲ ਸਲਾਹ-ਮਸ਼ਵਰੇ ਅਤੇ ਅਦਾਲਤ ਦੀ ਪੜਤਾਲ ਨੂੰ ਧਿਆਨ ਵਿੱਚ ਰੱਖਦੇ ਹੋਏ, ਫੌਜੀ ਅਦਾਰਿਆਂ, ਜਿਨਾਹ ਹਾਊਸ ਅਤੇ ਜਨਰਲ ਹੈੱਡਕੁਆਰਟਰ ਦੀ ਸੁਰੱਖਿਆ ਅਤੇ ਸਨਮਾਨ ਨੂੰ ਬਰਕਰਾਰ ਰੱਖਣ ਵਿੱਚ ਅਸਫਲ ਰਹਿਣ ਵਾਲਿਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਜਾਂਚ ਮੇਜਰ ਜਨਰਲ ਪੱਧਰ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਸੀ। ਸ਼ਰੀਫ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, ''9 ਮਈ ਦੀ ਹਿੰਸਾ 'ਚ ਸ਼ਾਮਲ ਸਾਰੇ ਲੋਕਾਂ ਨੂੰ ਸੰਵਿਧਾਨ ਅਤੇ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਨੇ 9 ਮਈ ਦੀ ਘਟਨਾ ਨੂੰ "ਬਹੁਤ ਹੀ ਨਿਰਾਸ਼ਾਜਨਕ, ਨਿੰਦਣਯੋਗ ਅਤੇ ਦੇਸ਼ ਦੇ ਇਤਿਹਾਸ ਦਾ ਇੱਕ ਕਾਲਾ ਅਧਿਆਏ" ਦੱਸਿਆ। 9 ਮਈ ਦੀ ਹਿੰਸਾ 'ਤੇ ਸਰਕਾਰ ਅਤੇ ਫੌਜ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਸੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।