India-Pakistan Tension:  ਭਾਰਤ-ਪਾਕਿਸਤਾਨ ਵਿਚਕਾਰ ਚੱਲ ਰਹੇ ਮੌਜੂਦਾ ਤਣਾਅ ਦੌਰਾਨ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ ਵੱਲੋਂ ਇੱਕ ਉਕਸਾਵਾ ਭਰਿਆ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪਾਕਿਸਤਾਨੀ ਚੈਨਲ '365 ਨਿਊਜ਼' ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਭਾਰਤ ਵੱਲੋਂ ਪਿਛਲੇ ਚਾਰ ਦਿਨਾਂ ਦੌਰਾਨ ਕੀਤੀਆਂ ਆਕਰਮਕ ਕਾਰਵਾਈਆਂ ਤੋਂ ਬਾਅਦ ਪਾਕਿਸਤਾਨ ਕੋਲ ਹੁਣ ਜੰਗ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਿਆ।

ਪਾਕਿ ਦੇ ਰੱਖਿਆ ਮੰਤਰੀ ਵੱਲੋਂ ਧਮਕੀ

ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਲੋਕਾਂ ਨੂੰ ਇਸ ਗੱਲ ਨੂੰ ਲੈ ਕੇ ਕੋਈ ਸੰਦੇਹ ਨਹੀਂ ਹੋਣਾ ਚਾਹੀਦਾ ਕਿ ਪਾਕਿਸਤਾਨ ਇਸ ਵੇਲੇ ਜੰਗ ਦੀ ਦਹਿਲੀਜ਼ 'ਤੇ ਖੜਾ ਹੈ। ਉਨ੍ਹਾਂ ਕਿਹਾ, "ਪਿਛਲੇ ਚਾਰ ਦਿਨਾਂ ਦੌਰਾਨ ਭਾਰਤ ਵੱਲੋਂ ਕੀਤੀਆਂ ਆਕਰਮਕ ਕਾਰਵਾਈਆਂ ਕਰਕੇ ਸਾਡੇ ਕੋਲ ਹੁਣ ਜੰਗ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਦਿੱਸਦਾ। ਅਸੀਂ ਤਣਾਅ ਘਟਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਹੁਣ ਇਹ ਮੌਕਾ ਬਹੁਤ ਘੱਟ ਲੱਗਦਾ ਹੈ। ਹੁਣ ਸਾਨੂੰ ਉਨ੍ਹਾਂ ਨੂੰ ਓਸੇ ਢੰਗ ਨਾਲ ਜਵਾਬ ਦੇਣਾ ਪਏਗਾ।"

ਭਾਰਤ ਨੇ ਮਾਰ ਸੁੱਟੇ ਪਾਕਿਸਤਾਨੀ ਡਰੋਨ

ਖ਼ਵਾਜਾ ਆਸਿਫ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪਾਕਿਸਤਾਨ ਨੇ ਭਾਰਤ ਦੇ ਘੱਟੋ-ਘੱਟ 36 ਫੌਜੀ ਠਿਕਾਣਿਆਂ ਨੂੰ ਟਾਰਗਟ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ 300–400 ਮੇਡ-ਇਨ-ਤੁਰਕੀ ਸੋਂਗਰ ਡਰੋਨ ਦੀ ਵਰਤੋਂ ਕੀਤੀ ਗਈ। ਭਾਰਤ ਨੇ ਅਧਿਕਤਰ ਡਰੋਨ ਅਤੇ ਮਿਸਾਈਲਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ।

ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਇਹ ਬਿਆਨ ਅੰਤਰਰਾਸ਼ਟਰੀ ਸਮੁਦਾਏ 'ਤੇ ਦਬਾਅ ਬਣਾਉਣ ਦੀ ਰਣਨੀਤੀ ਵੀ ਹੋ ਸਕਦੀ ਹੈ। ਇਹ ਪਾਕਿਸਤਾਨੀ ਜਨਤਾ ਅਤੇ ਫੌਜ ਦਾ ਧਿਆਨ ਅੰਤਰਿਕ ਸਮੱਸਿਆਵਾਂ ਤੋਂ ਹਟਾਉਣ ਦਾ ਇੱਕ ਤਰੀਕਾ ਵੀ ਹੋ ਸਕਦਾ ਹੈ। ਦੱਸਣਯੋਗ ਗੱਲ ਹੈ ਕਿ ਓਪਰੇਸ਼ਨ ਸਿੰਦੂਰ ਦੇ ਤਹਿਤ ਭਾਰਤ ਨੇ 7 ਮਈ ਨੂੰ PoK ਅਤੇ ਪਾਕਿਸਤਾਨ ਦੇ ਅੱਤਵਾਦੀ ਠਿਕਾਣਿਆਂ 'ਤੇ ਹਮਲਾ ਕੀਤਾ। ਇਸ ਤੋਂ ਬਾਅਦ ਪਾਕਿਸਤਾਨ ਨੇ ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਵਿੱਚ ਡ੍ਰੋਨ ਅਤੇ ਮਿਸਾਈਲਾਂ ਨਾਲ ਹਮਲਾ ਕੀਤਾ। ਭਾਰਤ ਨੇ ਵੀ ਪਾਕਿਸਤਾਨ ਦੇ ਕਈ ਡ੍ਰੋਨ ਨੂੰ ਮਾਰ ਸੁੱਟਿਆ।

ਪਾਕਿਸਤਾਨੀ ਫੌਜ ਦਾ ਰੁਖ

ਪਾਕਿਸਤਾਨੀ ਫੌਜ ਦੇ ਪ੍ਰਵਕਤਾ ਅਹਮਦ ਸ਼ਰੀਫ ਚੌਧਰੀ ਨੇ ਸਊਦੀ ਨਿਊਜ਼ ਚੈਨਲ ਅਲ ਅਰੇਬੀਆ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਅਸੀਂ ਤਣਾਅ ਘਟਾਉਣ ਨਹੀਂ ਜਾ ਰਹੇ, ਕਿਉਂਕਿ ਭਾਰਤ ਵੱਲੋਂ ਜੋ ਨੁਕਸਾਨ ਹੋਇਆ ਹੈ ਉਸਦਾ ਜਵਾਬ ਦਿੱਤਾ ਜਾਵੇਗਾ। ਇਹ ਬਿਆਨ ਸਊਦੀ ਅਰਬ ਦੇ ਉਪ ਵਿਦੇਸ਼ ਮੰਤਰੀ ਆਦਿਲ ਅਲ-ਜੁਬੇਰ ਦੀ ਮੱਧਸਥਤਾ ਪਹਿਲ ਦੇ ਬਿਲਕੁਲ ਬਾਅਦ ਆਇਆ, ਜੋ ਦੋਹਾਂ ਦੇਸ਼ਾਂ ਵਿਚ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਸਊਦੀ ਅਰਬ ਦੀ ਸ਼ਾਂਤੀ ਪਹਿਲ ਅਸਫਲ?

ਸਊਦੀ ਅਰਬ ਦੇ ਉਪ ਵਿਦੇਸ਼ ਮੰਤਰੀ ਆਦਿਲ ਅਲ-ਜੁਬੇਰ ਨੇ ਭਾਰਤ ਅਤੇ ਪਾਕਿਸਤਾਨ ਦੋਹਾਂ ਦਾ ਦੌਰਾ ਕਰਕੇ ਤਣਾਅ ਘਟਾਉਣ ਦੀ ਅਪੀਲ ਕੀਤੀ ਸੀ, ਪਰ ਪਾਕਿਸਤਾਨ ਵੱਲੋਂ ਫੌਜੀ ਬਿਆਨਬਾਜ਼ੀ ਅਤੇ ਜਵਾਬੀ ਹਮਲਾ ਕੀਤਾ ਗਿਆ। ਇਸ ਦੌਰਾਨ ਖ਼ਵਾਜਾ ਆਸਿਫ ਨੇ ਸਿੱਧਾ ਜੰਗ ਦੀ ਧਮਕੀ ਵੀ ਦਿੱਤੀ ਹੈ।