Pakistan Installed Jammers: ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਕਾਫੀ ਵੱਧ ਗਿਆ ਹੈ। ਪਹਿਲਾਂ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਹੁਣ ਭਾਰਤ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਇਨ੍ਹਾਂ ਤਣਾਅਪੂਰਨ ਹਾਲਾਤਾਂ ਵਿਚ ਪਾਕਿਸਤਾਨ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ।
ਪਾਕਿਸਤਾਨ ਨੇ ਆਪਣਾ ਏਅਰ ਸਪੇਸ ਬੰਦ ਕਰਨ ਤੋਂ ਬਾਅਦ ਹੁਣ ਉੱਥੇ ਜੈਮਰ ਲਗਾ ਦਿੱਤੇ ਹਨ, ਤਾਂ ਜੋ ਭਾਰਤ ਦੇ ਲੜਾਕੂ ਜਹਾਜ਼ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖਲ ਨਾ ਹੋ ਸਕਣ। ਨਿਯੰਤਰਣ ਰੇਖਾ (LOC) 'ਤੇ ਚੱਲ ਰਹੀ ਗੋਲੀਬਾਰੀ ਦੇ ਦਰਮਿਆਨ ਪਾਕਿਸਤਾਨ ਨੇ ਚੀਨ ਵਿੱਚ ਬਣੇ ਵਿਮਾਨ ਰੋਧੀ ਮਿਜ਼ਾਈਲ ਸਿਸਟਮ ਦੀ ਤਾਇਨਾਤੀ ਵੀ ਵਧਾ ਦਿੱਤੀ ਹੈ। ਪਾਕਿਸਤਾਨ ਨੇ ਚੀਨ ਦੀਆਂ ਏਅਰ ਡਿਫੈਂਸ ਮਿਜ਼ਾਈਲ ਪ੍ਰਣਾਲੀਆਂ ਤਾਇਨਾਤ ਕੀਤੀਆਂ ਹਨ।
ਭਾਰਤ ਨੇ ਪਾਕਿਸਤਾਨੀ ਉਡਾਣਾਂ ਲਈ ਹਵਾਈ ਰਸਤਾ ਕੀਤਾ ਬੰਦ
ਭਾਰਤ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਪਾਕਿਸਤਾਨ ਦੀ ਮਲਕੀਅਤ ਅਤੇ ਸੰਚਾਲਿਤ ਉਡਾਣਾਂ ਲਈ ਆਪਣੀ ਹਵਾਈ ਹੱਦ ਨੂੰ 23 ਮਈ ਤੱਕ ਬੰਦ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਇਸਲਾਮਾਬਾਦ ਨੇ ਭਾਰਤੀ ਏਵਿਏਸ਼ਨ ਕੰਪਨੀਆਂ ਦੇ ਜਹਾਜ਼ਾਂ ਲਈ ਆਪਣਾ ਹਵਾਈ ਰਾਸਤਾ ਬੰਦ ਕਰਨ ਦਾ ਫੈਸਲਾ ਲਿਆ ਸੀ। ਇਸ ਸੰਬੰਧ ਵਿੱਚ ਭਾਰਤ ਵੱਲੋਂ ਨੋਟਮ (Notice to Airmen) ਜਾਰੀ ਕੀਤਾ ਗਿਆ ਹੈ, ਜਿਸ ਦੇ ਤਹਿਤ ਪਾਕਿਸਤਾਨੀ ਜਹਾਜ਼ਾਂ ਨੂੰ 23 ਮਈ ਤੱਕ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਨੋਟਮ ਅਨੁਸਾਰ, ਇਹ ਪਾਬੰਦੀ 30 ਅਪਰੈਲ ਤੋਂ 23 ਮਈ ਤੱਕ ਲਾਗੂ ਰਹੇਗੀ। ਇਸ ਦੌਰਾਨ ਕਿਸੇ ਵੀ ਪਾਕਿਸਤਾਨੀ ਜਹਾਜ਼ ਨੂੰ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਕਦਮ ਉਸ ਸਮੇਂ ਉਠਾਇਆ ਗਿਆ ਹੈ ਜਦੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਨੇ ਭਾਰਤੀ ਏਵਿਏਸ਼ਨ ਕੰਪਨੀਆਂ ਦੇ ਮਲਕੀਅਤ ਅਤੇ ਚਲਾਏ ਜਾਂਦੇ ਸਾਰੇ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਇਸਦੇ ਜਵਾਬ ਵਜੋਂ ਹੁਣ ਭਾਰਤ ਨੇ ਵੀ ਪਾਕਿਸਤਾਨੀ ਜਹਾਜ਼ਾਂ ਲਈ ਹਵਾਈ ਰਾਹ ਤੇ ਪਾਬੰਦੀ ਲਾ ਦਿੱਤੀ ਹੈ।
ਪਾਕਿਸਤਾਨ ਨੇ ਲਗਾਤਾਰ ਸੱਤਵੇਂ ਦਿਨ ਕੀਤਾ ਸੀਜ਼ਫਾਇਰ ਦਾ ਉਲੰਘਣ
ਪਾਕਿਸਤਾਨੀ ਫੌਜ ਵੱਲੋਂ ਫਿਰ ਇਕ ਵਾਰੀ ਨਿਯੰਤਰਣ ਰੇਖਾ 'ਤੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਹੈ। ਇਹ ਲਗਾਤਾਰ ਸੱਤਵਾਂ ਦਿਨ ਹੈ ਜਦੋਂ ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਨਾਲ ਲੱਗਦੀ ਐਲਓਸੀ 'ਤੇ ਗੋਲੀਬਾਰੀ ਕੀਤੀ ਹੈ। ਭਾਰਤੀ ਫੌਜ ਵੱਲੋਂ ਇਸ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ ਜਾ ਰਿਹਾ ਹੈ।
ਭਾਰਤੀ ਫੌਜ ਮੁਤਾਬਕ, ਪਾਕਿਸਤਾਨੀ ਫੌਜ ਪਿਛਲੇ ਸ਼ੁੱਕਰਵਾਰ ਤੋਂ ਹਰ ਰੋਜ਼ ਐਲਓਸੀ 'ਤੇ ਗੋਲੀਬਾਰੀ ਕਰ ਰਹੀ ਹੈ। 30 ਅਪ੍ਰੈਲ ਅਤੇ 1 ਮਈ ਦੀ ਰਾਤ ਨੂੰ ਪਾਕਿਸਤਾਨੀ ਚੌਕੀਆਂ ਵੱਲੋਂ ਯੂਟੀ ਜੰਮੂ-ਕਸ਼ਮੀਰ ਦੇ ਕੂਪਵਾੜਾ, ਉਰੀ ਅਤੇ ਅਖਨੂਰ ਖੇਤਰਾਂ 'ਚ ਐਲਓਸੀ ਦੇ ਪਾਰੋਂ ਫਾਇਰਿੰਗ ਕੀਤੀ ਗਈ। ਹਮੇਸ਼ਾ ਵਾਂਗ ਇਹ ਗੋਲੀਬਾਰੀ ਵੀ ਬਿਨਾਂ ਕਿਸੇ ਉਕਸਾਵੇ ਦੇ ਕੀਤੀ ਗਈ।