ਇਸਲਾਮਾਬਾਦ: ਪਾਕਿਸਤਾਨ ਨੇ ਮੰਗਲਵਾਰ ਨੂੰ ਭਾਰਤ ਵੱਲੋਂ ਹਾਲ ਹੀ ਵਿੱਚ ਐਂਟੀ ਸੈਟੇਲਾਈਟ ਮਿਜ਼ਾਈਲ (ASAT) ਪਰੀਖਣ ਤੋਂ ਪੈਦਾ ਹੋਏ ਪੁਲਾੜ ਮਲਬੇ ਪ੍ਰਤੀ ਗਹਿਰੀ ਚਿੰਤਾ ਪ੍ਰਗਟਾਈ ਹੈ। 27 ਮਾਰਚ ਨੂੰ ਭਾਰਤ ਨੇ ਆਪਣੇ ਖਰਾਬ ਉਪਗ੍ਰਹਿ ਨੂੰ ਜ਼ਮੀਨ ਤੋਂ ਮਿਜ਼ਾਈਲ ਨਾਲ ਹਮਲਾ ਕਰਕੇ ਉਡਾ ਦਿੱਤਾ ਸੀ। ਇਹ ਇੱਕ ਇਤਿਹਾਸਕ ਸਫਲਤਾ ਸੀ ਜਿਸ ਨੇ ਭਾਰਤ ਨੂੰ ਪੁਲਾੜ ਸ਼ਕਤੀ ਬਣਾ ਦਿੱਤਾ। ਹੁਣ ਤਕ ਸਿਰਫ ਤਿੰਨ ਦੇਸ਼ਾਂ ਅਮਰੀਕਾ, ਰੂਸ ਤੇ ਚੀਨ ਕੋਲ ਹੀ ਅਜਿਹੀ ਸ਼ਕਤੀ ਹਾਸਲ ਹੈ।
ਉੱਧਰ ਨਾਸਾ (NASA) ਦੇ ਪ੍ਰਸ਼ਾਸਕ ਜਿਮ ਬ੍ਰਿਡੇਨਸਟਾਈਨ ਨੇ ਵੀ ਸੋਮਵਾਰ ਨੂੰ ਦਾਅਵਾ ਕੀਤਾ ਹੈ ਕਿ ਭਾਰਤ ਨੇ ਆਪਣੇ ਹੀ ਉਪਗ੍ਰਹਿ ਨੂੰ ਨਸ਼ਟ ਕਰਕੇ ਪੁਲਾੜ ਵਿੱਚ ਲਗਪਗ 400 ਟੁਕੜਿਆਂ ਦਾ ਮਲਬਾ ਤਿਆਰ ਕੀਤਾ ਹੈ। ਨਾਸਾ ਮੁਖੀ ਨੇ ਚੇਤਾਵਨੀ ਦਿੱਤੀ ਕਿ ਭਾਰਤ ਦੇ ਇਸ ਪ੍ਰੀਖਣ ਬਾਅਦ ਕੌਮਾਂਤਰੀ ਸਪੇਸ ਸਟੇਸ਼ਨ (ISS) ਦਾ ਮਲਬੇ ਨਾਲ ਟਕਰਾਉਣ ਦਾ ਖਤਰਾ 44 ਫੀਸਦੀ ਵਧ ਗਿਆ ਹੈ।
ਹੁਣ ਪਾਕਿਸਤਾਨ ਦੇ ਵਿਦੇਸ਼ ਦਫ਼ਤਰ (FO) ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਾਰਤ ਦੇ ਪਰੀਖਣ ਦੁਆਰਾ ਤਿਆਰ ਮਲਬੇ ਨਾਲ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਖ਼ਤਰਾ ਵਧ ਰਿਹਾ ਹੈ। ਉਸ ਨੇ ਭਾਰਤ ਵੱਲੋਂ ਕੀਤੇ ASAT ਪ੍ਰੀਖਣ 'ਤੇ ਗਹਿਰੀ ਚਿੰਤਾ ਪ੍ਰਗਟਾਈ ਹੈ।