ਚੰਡੀਗੜ੍ਹ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਕੇਤ ਦਿੱਤੇ ਹਨ ਕਿ ਪਾਕਿਸਤਾਨ 9 ਨਵੰਬਰ ਨੂੰ ਲਾਂਘਾ ਖੋਲ੍ਹ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਹੈ ਕਿ ਡਾ.ਮਨਮੋਹਨ ਸਿੰਘ ਨੂੰ ਦਿੱਤੇ ਸੱਦੇ 'ਤੇ ਉਨ੍ਹਾਂ ਨੇ ਚਿੱਠੀ ਜ਼ਰੀਏ ਆਪਣਾ ਜਵਾਬ ਉਨ੍ਹਾਂ ਨੂੰ ਭੇਜ ਦਿੱਤਾ ਹੈ ਕਿ ਉਹ ਮਹਿਮਾਨ ਨਹੀਂ, ਬਲਕਿ ਇੱਕ ਸ਼ਰਧਾਲੂ ਦੇ ਤੌਰ 'ਤੇ ਪਾਕਿਸਤਾਨ ਆਉਣਗੇ। ਦੱਸ ਦੇਈਏ ਭਾਰਤ ਵਾਲੇ ਪਾਸੇ 8 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਕੀਤਾ ਜਾਏਗਾ।



ਦੱਸ ਦੇਈਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਨਹੀਂ ਜਾਣਗੇ। ਕੈਪਟਨ ਨੇ ਕਿਹਾ ਕਿ ਜਦੋਂ ਤਕ ਪਾਕਿਸਤਾਨ ਸਾਡੇ ਜਵਾਨਾਂ 'ਤੇ ਗੋਲੀਬਾਰੀ ਬੰਦ ਨਹੀਂ ਕਰੇਗਾ ਤੇ ਅੱਤਵਾਦ ਖ਼ਤਮ ਨਹੀਂ ਕਰੇਗਾ, ਉਦੋਂ ਤਕ ਉਹ ਪਾਕਿਸਤਾਨ ਨਹੀਂ ਜਾਣਗੇ। ਉਂਝ ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਪਹਿਲੇ ਜਥੇ ਨਾਲ ਕਰਤਾਰਪੁਰ ਸਾਹਿਬ ਜਾਣਗੇ ਪਰ ਇਸ ਨੂੰ ਇਹ ਨਾ ਸਮਝਿਆ ਜਾਵੇ ਕਿ ਉਹ ਪਾਕਿਸਤਾਨ ਗਏ ਹਨ। ਕਰਤਾਰਪੁਰ ਸਾਹਿਬ ਹੁਣ ਇੱਕ ਕੋਰੀਡੋਰ ਹੈ ਨਾ ਕਿ ਪਾਕਿਸਤਾਨ।