ਇਸਲਾਮਾਬਾਦ: ਵੀਰਵਾਰ ਨੂੰ ਪਾਕਿਸਤਾਨ ਸਰਕਾਰ ਨੇ ਇਸਲਾਮਿਕ ਕੱਟੜਪੰਥੀਆਂ ਵਿਰੁੱਧ ਸ਼ਿਕੰਜਾ ਹੋਰ ਕੱਸ ਦਿੱਤਾ। ਅੱਜ ਸਰਕਾਰ ਵੱਲੋਂ 182 ਮਦਰੱਸਿਆਂ ਨੂੰ ਕਬਜ਼ੇ ਵਿੱਚ ਲੈਣ ਤੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ 121 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਖ਼ਬਰ ਹੈ।

ਜ਼ਿਕਰਯੋਗ ਹੈ ਕਿ ਬੀਤੀ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਫਿਦਾਈਨ ਹਮਲੇ ਦੌਰਾਨ ਸੀਆਰਪੀਐੱਫ਼ ਦੇ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਪਾਕਿਸਤਾਨ ਉਤੇ ਸੰਸਾਰ ਪੱਧਰ 'ਤੇ ਦਬਾਅ ਬਣਿਆ ਹੈ। ਇਹ ਕਾਰਵਾਈ ਉਸੇ ਦਬਾਅ ਕਾਰਨ ਹੋ ਰਹੀ ਹੈ। ਜਦਕਿ ਪਾਕਿ ਨੇ ਇਸ ਤੋਂ ਇਨਕਾਰ ਕੀਤਾ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਕਾਰਵਾਈ ਪਹਿਲਾਂ ਤੋਂ ਉਲੀਕੀ ਗਈ ਯੋਜਨਾ ਦਾ ਹਿੱਸਾ ਹੈ ਤੇ ਅਜਿਹਾ ਕਦਮ ਭਾਰਤੀ ਹਵਾਈ ਹਮਲਿਆਂ ਕਾਰਨ ਨਹੀਂ ਚੁੱਕਿਆ ਜਾ ਰਿਹਾ।

ਪਾਕਿਸਤਾਨ ਵਿੱਚ ਜੈਸ਼-ਏ-ਮੁਹੰਮਦ ਜਿਹੀਆਂ ਕਈ ਦਹਿਸ਼ਤੀ ਤੇ ਕੱਟੜ ਜਥੇਬੰਦੀਆਂ ਮਦਰੱਸੇ ਚਲਾਉਂਦੀਆਂ ਹਨ। ਸਕੂਲ ਦੀ ਆੜ ਹੇਠ ਨੂੰ ਬੱਚਿਆਂ ਨੂੰ ਗਰਮ–ਖ਼ਿਆਲੀ ਵਿਚਾਰ ਜਾਣਬੁੱਝ ਕੇ ਸਿਖਾਏ ਜਾਂਦੇ ਹਨ। ਇਹ ਕਾਰਵਾਈ ਅਜਿਹੇ ਹੀ ਕੁਝ ਮਦਰੱਸਿਆਂ ਵਿਰੁੱਧ ਹੋਈ ਹੈ।