Allegation On Pak Army Generals: ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਹੁਣ ਪਾਕਿਸਤਾਨ ਦੇ ਇੱਕ ਸਾਬਕਾ ਫ਼ੌਜੀ ਨੇ ਦਾਅਵਾ ਕਰਕੇ ਤਰਥੱਲੀ ਮਚਾ ਦਿੱਤੀ ਹੈ। ਦਰਅਸਲ ਪਾਕਿਸਤਾਨ ਦੀ ਫ਼ਿਲਮ ਜਗਤ ਨੂੰ ਲੈ ਕੇ ਫ਼ੌਜ ਦੇ ਇਕ ਸੇਵਾਮੁਕਤ ਅਧਿਕਾਰੀ ਨੇ ਵੱਡਾ ਖੁਲਾਸਾ ਕੀਤਾ ਹੈ। ਲੰਡਨ 'ਚ ਰਹਿ ਰਹੇ ਸਾਬਕਾ ਫ਼ੌਜ ਅਧਿਕਾਰੀ ਅਤੇ 'ਸੁਸਾਇਟੀ ਆਫ ਐਕਸ-ਸਰਵਿਸਮੈਨ' ਦੇ ਬੁਲਾਰੇ ਮੇਜਰ ਸੇਵਾਮੁਕਤ ਆਦਿਲ ਰਾਜਾ ਨੇ ਦੋਸ਼ ਲਗਾਇਆ ਹੈ ਕਿ ਪਾਕਿਸਤਾਨੀ ਫ਼ੌਜ ਦੇ ਉੱਚ ਅਧਿਕਾਰੀ ਅਦਾਕਾਰਾਵਾਂ ਦੀ ਵਰਤੋਂ ਦੇਸ਼ ਦੇ ਚੋਟੀ ਦੇ ਆਗੂਆਂ ਨੂੰ 'ਹਨੀ ਟ੍ਰੈਪ' ਕਰਨ ਲਈ ਕਰਦੇ ਸਨ।


ਆਦਿਲ ਰਾਜਾ ਨੇ ਸਾਬਕਾ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਆਈਐਸਆਈ ਦੇ ਸਾਬਕਾ ਮੁਖੀ ਜਨਰਲ ਫੈਜ਼ 'ਤੇ ਗੰਭੀਰ ਦੋਸ਼ ਲਾਏ ਹਨ। ਸਾਬਕਾ ਫ਼ੌਜੀ ਮੁਤਾਬਕ ਬਾਜਵਾ ਅਤੇ ਫੈਜ਼ ਅਦਾਕਾਰਾਵਾਂ ਨੂੰ ਖੁਫੀਆ ਏਜੰਸੀ ਦੇ ਹੈੱਡਕੁਆਰਟਰ ਜਾਂ ਸੇਫ ਹਾਊਸ 'ਚ ਬੁਲਾਉਂਦੇ ਸਨ ਅਤੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਂਦੇ ਸਨ। ਹਾਲਾਂਕਿ ਉਨ੍ਹਾਂ ਨੇ ਖੁੱਲ੍ਹ ਕੇ ਕਿਸੇ ਅਦਾਕਾਰਾ ਦਾ ਨਾਂਅ ਨਹੀਂ ਲਿਆ ਹੈ। ਪਰ ਉਨ੍ਹਾਂ ਨੇ ਨਾਮ ਦਾ ਪਹਿਲਾ ਅੱਖਰ ਦੱਸ ਕੇ ਇਸ਼ਾਰਾ ਜ਼ਰੂਰ ਕੀਤਾ ਹੈ।


ਰਿਟਾਇਰਡ ਫ਼ੌਜ ਅਧਿਕਾਰੀ ਨੇ ਆਪਣੇ ਯੂਟਿਊਬ ਚੈਨਲ 'ਤੇ ਕੀਤਾ ਖੁਲਾਸਾ


ਦੱਸ ਦਈਏ ਕਿ ਸੇਵਾਮੁਕਤ ਫ਼ੌਜ ਅਧਿਕਾਰੀ ਮੇਜਰ ਆਦਿਲ ਰਾਜਾ 'ਸੋਲਜ਼ਰ ਸਪੀਕਸ' ਨਾਂਅ ਦਾ ਯੂ-ਟਿਊਬ ਚੈਨਲ ਚਲਾਉਂਦੇ ਹਨ, ਜਿਸ ਰਾਹੀਂ ਉਨ੍ਹਾਂ ਨੇ ਚੈਨਲ 'ਤੇ ਗੱਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਪਾਕਿਸਤਾਨ ਦੇ ਫ਼ੌਜ ਅਧਿਕਾਰੀ ਮਾਡਲਾਂ ਅਤੇ ਅਦਾਕਾਰਾਵਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਮੁਤਾਬਕ ਵਰਤਦੇ ਸਨ। ਇਸ ਦੇ ਨਾਲ ਹੀ ਉਹ ਦਾਅਵਾ ਕਰਦੇ ਹਨ ਕਿ ਫ਼ੌਜ ਅਧਿਕਾਰੀ ਅਦਾਕਾਰਾਵਾਂ ਨੂੰ ਆਈਐਸਆਈ ਅਤੇ ਦੇਸ਼ ਦੇ ਉੱਚ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਹਨੀਟ੍ਰੈਪ ਕਰਨ ਲਈ ਭੇਜਦੇ ਹਨ ਅਤੇ ਫਿਰ ਉਨ੍ਹਾਂ ਦੀ ਵੀਡੀਓ ਬਣਾਉਂਦੇ ਹਨ। ਇਸ ਤੋਂ ਬਾਅਦ ਮਾਡਲਾਂ ਅਤੇ ਅਦਾਕਾਰਾਵਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ।



ਬਿਆਨ ਤੋਂ ਬਾਅਦ ਵਿਵਾਦਾਂ 'ਚ ਘਿਰੇ ਆਦਿਲ ਰਾਜਾ


ਆਦਿਲ ਰਾਜਾ ਦੇ ਇਸ ਖੁਲਾਸੇ ਤੋਂ ਬਾਅਦ ਪਾਕਿਸਤਾਨ 'ਚ ਭੂਚਾਲ ਆ ਗਿਆ ਹੈ। ਆਦਿਲ ਰਾਜਾ ਦੇ ਇਸ ਬਿਆਨ ਤੋਂ ਬਾਅਦ ਹਰ ਪਾਸਿਓਂ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਵਿਵਾਦਾਂ 'ਚ ਘਿਰੇ ਸੇਵਾਮੁਕਤ ਫ਼ੌਜ ਅਧਿਕਾਰੀ ਨੇ ਵੀ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਸਮੇਤ ਪੂਰੀ ਦੁਨੀਆ 'ਚ ਕਈ ਮਾਡਲ ਅਤੇ ਅਦਾਕਾਰਾਵਾਂ ਹਨ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ।


ਮਾਣਹਾਨੀ ਦੇ ਮੁਕੱਦਮੇ ਦੀ ਮੰਗ ਕਰ ਰਹੇ ਹਨ ਫੈਨਜ਼


ਪਾਕਿਸਤਾਨੀ ਅਦਾਕਾਰਾ ਸਜਲ ਅਲੀ ਨੇ ਆਦਿਲ ਰਾਜਾ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਸਾਡਾ ਦੇਸ਼ ਨੈਤਿਕ ਤੌਰ 'ਤੇ ਭ੍ਰਿਸ਼ਟ ਅਤੇ ਬਦਸੂਰਤ ਹੁੰਦਾ ਜਾ ਰਿਹਾ ਹੈ, ਚਰਿੱਤਰ ਹੱਤਿਆ ਮਨੁੱਖਤਾ ਦਾ ਸਭ ਤੋਂ ਘਿਨਾਉਣਾ ਅਤੇ ਪਾਪ ਹੈ। ਕੁਬਰਾ ਖਾਨ ਨੇ ਆਦਿਲ ਰਾਜਾ ਦੇ ਇਸ ਦਾਅਵੇ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਫੈਨਜ਼ ਨੇ ਅਦਾਕਾਰਾਵਾਂ ਨੂੰ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਸਲਾਹ ਦਿੱਤੀ ਹੈ।