PTI Supoorters Clash With Police: ਪਾਕਿਸਤਾਨ ਦੀ ਰਾਜਧਾਨੀ ਵਿੱਚ ਕਾਨੂੰਨ ਵਿਵਸਥਾ ਦੀ ਗੰਭੀਰ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਜੇਲ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਦੇ ਸਮਰਥਕਾਂ ਨੇ ਆਪਣੇ ਨੇਤਾ ਦੀ ਜੇਲ ਤੋਂ ਰਿਹਾਈ ਅਤੇ ਨਿਆਂਪਾਲਿਕਾ ਦੀ ਆਜ਼ਾਦੀ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ 'ਚ ਵਿਸ਼ਾਲ ਪ੍ਰਦਰਸ਼ਨ ਕੀਤਾ।  ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਪ੍ਰਦਰਸ਼ਨਕਾਰੀਆਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ, ਸਾਰੇ ਹਾਈਵੇਅ ਬੰਦ ਕਰ ਦਿੱਤੇ, ਮੋਬਾਈਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਅਤੇ ਧਾਰਾ 144 ਲਗਾ ਦਿੱਤੀ।


ਪੀਟੀਆਈ ਨੇ ਦਾਅਵਾ ਕੀਤਾ ਹੈ ਕਿ ਰੇਂਜਰਜ਼ ਦੇ ਜਵਾਨ ਇਸਲਾਮਾਬਾਦ ਵਿੱਚ ਕੇਪੀ ਹਾਊਸ ਵਿੱਚ ਜ਼ਬਰਦਸਤੀ ਦਾਖ਼ਲ ਹੋਏ ਤੇ ਕੇਪੀ ਦੇ ਮੁੱਖ ਮੰਤਰੀ ਅਲੀ ਅਮੀਨ  ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਗ੍ਰਿਫਤਾਰੀ ਉਸ ਸਮੇਂ ਹੋਈ ਜਦੋਂ ਉਹ ਆਪਣੀ ਪਾਰਟੀ ਦੇ ਪ੍ਰਦਰਸ਼ਨ ਦਾ ਹਿੱਸਾ ਬਣਨ ਲਈ ਰਾਜਧਾਨੀ ਪਹੁੰਚੇ ਸੀ।



ਇਸ ਦੌਰਾਨ ਪੀਟੀਆਈ ਨੇਤਾ ਇਮਰਾਨ ਖਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕਰਦੇ ਹੋਏ ਆਪਣੇ ਸਮਰਥਕਾਂ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਸਾਰੇ ਲੋਕਾਂ 'ਤੇ ਮਾਣ ਹੈ।  ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਫਾਸ਼ੀਵਾਦੀ ਸਰਕਾਰ ਦੀ ਬੇਅੰਤ ਗੋਲਾਬਾਰੀ ਦੇ ਵਿਚਕਾਰ ਸੰਘਰਸ਼ ਕੀਤਾ, ਤੁਸੀਂ  ਪੁੱਟੇ ਹਾਈਵੇਅ ਅਤੇ ਉੱਥੇ ਲੱਗੇ ਲੋਹੇ ਦੇ ਮੇਖਾਂ ਨੂੰ ਪਾਰ ਕਰਦੇ ਹੋਏ ਅੱਗੇ ਵਧਦੇ ਰਹੇ। 






ਇਮਰਾਨ ਖਾਨ ਨੇ ਸਮਰਥਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੈਂ ਸਾਰਿਆਂ ਨੂੰ ਡੀ ਚੌਕ ਵੱਲ ਵਧਦੇ ਰਹਿਣ ਤੇ ਅਲੀ ਅਮੀਨ ਦੇ ਕਾਫਲੇ ਨਾਲ ਜੁੜਨ ਦੀ ਅਪੀਲ ਕਰਦਾ ਹਾਂ। ਮੈਂ ਖਾਸ ਤੌਰ 'ਤੇ ਕੇਪੀ, ਉੱਤਰੀ ਪੰਜਾਬ ਅਤੇ ਇਸਲਾਮਾਬਾਦ ਦੇ ਲੋਕਾਂ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ। 


ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਲਾਹੌਰ ਦੇ ਮਿਨਾਰ-ਏ-ਪਾਕਿਸਤਾਨ ਵੱਲ ਜਾਣ ਲਈ ਵੀ ਕਹਿ ਰਿਹਾ ਹਾਂ। ਜੇ ਉਹ ਉੱਥੇ ਨਹੀਂ ਪਹੁੰਚ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਹ ਆਜ਼ਾਦੀ ਦੀ ਅਸਲ ਲੜਾਈ ਹੈ ਤਾਂ ਜੋ ਅਸੀਂ ਆਪਣੇ ਦੇਸ਼ ਵਿੱਚ ਸੰਵਿਧਾਨ ਤੇ ਕਾਨੂੰਨ ਦੇ ਸ਼ਾਸਨ ਦੇ ਅੰਦਰ ਆਜ਼ਾਦ ਨਾਗਰਿਕਾਂ ਦੇ ਰੂਪ ਵਿੱਚ ਰਹਿ ਸਕੀਏ, ਜਿਵੇਂ ਕਿ ਸਾਡੇ ਸੰਸਥਾਪਕ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਨੇ ਕੀਤਾ ਸੀ।



ਇਸਲਾਮਾਬਾਦ ਤੋਂ ਬਾਅਦ ਲਾਹੌਰ 'ਚ ਵੀ ਫੌਜ ਤਾਇਨਾਤ 


ਪੀਟੀਆਈ ਨੇ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਹੈ। ਅਜਿਹੇ 'ਚ ਇਸਲਾਮਾਬਾਦ ਤੋਂ ਬਾਅਦ ਲਾਹੌਰ 'ਚ ਫੌਜ ਤਾਇਨਾਤ ਕੀਤੀ ਜਾਵੇਗੀ। ਪੀਟੀਆਈ ਸਮਰਥਕਾਂ ਅਤੇ ਪੁਲਿਸ ਵਿਚਕਾਰ ਹਿੰਸਕ ਝੜਪਾਂ ਤੋਂ ਇੱਕ ਦਿਨ ਬਾਅਦ ਸ਼ਨੀਵਾਰ ਨੂੰ ਇਸਲਾਮਾਬਾਦ ਵਿੱਚ ਸਥਿਤੀ ਤਣਾਅਪੂਰਨ ਬਣੀ ਰਹੀ, ਜਦੋਂ ਕਿ ਪਾਰਟੀ ਨੇ ਲਾਹੌਰ ਵਿੱਚ ਨਾਕਾਬੰਦੀ ਅਤੇ ਸਖ਼ਤ ਸੁਰੱਖਿਆ ਦੇ ਵਿਚਕਾਰ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਦਾ ਫੈਸਲਾ ਕੀਤਾ। ਰਾਜਧਾਨੀ ਅਤੇ ਨੇੜਲੇ ਰਾਵਲਪਿੰਡੀ ਵਿੱਚ ਲਗਾਤਾਰ ਦੂਜੇ ਦਿਨ ਜਨਜੀਵਨ ਪ੍ਰਭਾਵਿਤ ਰਿਹਾ।