ਜੈਪੁਰ: ਭਾਰਤੀ ਫੌਜ ਦੀ ਨਰਸ ਬਣ ਕੇ ਜਵਾਨਾਂ ਨੂੰ ਹਨੀ ਟ੍ਰੈਪ ਵਿੱਚ ਫਸਾਉਣ ਵਾਲੀ ਪਾਕਿਸਤਾਨੀ ਸਾਜ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨੀ ਖ਼ੁਫ਼ੀਆ ਏਜੰਸੀ ਨੇ ਭਾਰਤੀ ਨਰਸ ਦੀ ਫੇਕ ਆਈਡੀ ਤੋਂ ਲਗਪਗ 50 ਜਵਾਨਾਂ ਨੂੰ ਆਪਣੇ ਸੰਪਰਕ ਵਿੱਚ ਰੱਖਿਆ ਸੀ। ਸੂਤਰਾਂ ਮੁਤਾਬਕ ਇਹ ਸਾਰੇ ਜਵਾਨ ਮਿਲਟਰੀ ਇੰਟੈਲੀਜੈਂਸ (ਐਮਆਈ) ਦੇ ਰਡਾਰ ’ਤੇ ਹਨ। ਪਾਕਿਸਤਾਨੀ ਏਜੰਸੀ ਦੀ ਇਸ ਹਰਕਤ ਦਾ ਖ਼ੁਲਾਸਾ ਸੋਮਬੀਰ ਨਾਂ ਦੇ ਜਵਾਨ ਦੀ ਗ੍ਰਿਫ਼ਤਾਰੀ ਬਾਅਦ ਹੋਇਆ ਹੈ। ਇਹ ਜਵਾਨ ਰਾਜਸਥਾਨ ਪੁਲਿਸ ਦੀ ਹਿਰਾਸਤ ਵਿੱਚ ਹੈ।
ਸੂਤਰਾਂ ਮੁਤਾਬਕ ਅਨਿਕਾ ਚੋਪੜਾ ਨਾਂ ਦੇ ਜਿਸ ਫੇਸਬੁੱਕ ਅਕਾਊਂਟ ਤੋਂ ਸੋਮਬੀਰ ਪਿਛਲੇ ਕੁਝ ਸਾਲਾਂ ਤੋਂ ਸੰਪਰਕ ਵਿੱਚ ਸੀ, ਉਸੇ ਖ਼ਾਤੇ ਦੀ ਫਰੈਂਡ ਲਿਸਟ ਵਿੱਚ ਘੱਟੋ-ਘੱਟ 30 ਹੋਰ ਜਵਾਨ ਸ਼ਾਮਲ ਹਨ। ਹੁਣ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਜਵਾਨਾਂ ਨੇ ਭਾਰਤੀ ਫੌਜ ਨਾਲ ਸਬੰਧਤ ਕੋਈ ਸੰਵੇਦਨਸ਼ੀਲ ਜਾਣਕਾਰੀ ਤਾਂ ਲੀਕ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ ਅਨਿਕਾ ਚੋਪੜਾ ਨਾਂ ਦੀ ਫੇਕ ਫੇਸਬੁੱਕ ਆਈਡੀ ਪਾਕਿਸਤਾਨੀ ਖੂਫੀਆ ਏਜੰਸੀ ਚਲਾ ਰਹੀ ਸੀ। ਪਾਕਿਸਤਾਨ ਦੀ ਇਸ ਏਜੰਟ ਨੇ ਫੇਸਬੁੱਕ ’ਤੇ ਖ਼ੁਦ ਨੂੰ ਭਾਰਤੀ ਫੌਜ ਦੀ ਐਮਐਨਐਸ ਯਾਨੀ ਮਿਲਟਰੀ ਨਰਸਿੰਗ ਸਰਵਿਸ ਦੀ ਨਰਸ ਦੱਸਿਆ ਹੋਇਆ ਹੈ। ਖ਼ਾਤੇ ’ਤੇ ਉਸ ਨੇ ਖ਼ੁਦ ਨੂੰ ਗੁਜਰਾਤ ਦੇ ਜੂਨਾਗੜ੍ਹ ਨਾਲ ਸਬੰਧਤ ਦੱਸਿਆ ਹੈ। ਸੂਤਰਾਂ ਨੇ ਦੱਸਿਆ ਕਿ ਸੋਮਬੀਰ ਇਸ ਨਰਸ ਦੇ ਜਾਲ ਵਿੱਚ ਫਸ ਗਿਆ ਤੇ ਉਸ ਨੇ ਫੌਜ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ, ਫੋਟੋਆਂ ਤੇ ਵੀਡੀਓਜ਼ ਵੀ ਭੇਜੀਆਂ।