ਨਵੀਂ ਦਿੱਲੀ: ਭਾਰਤੀ ਖੁਫੀਆ ਏਜੰਸੀਆਂ ਨੇ ਦੇਸ਼ ਭਰ ਵਿੱਚ ਅਲਰਟ ਜਾਰੀ ਕੀਤਾ ਹੈ। ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਏਜੰਸੀ ਆਈਐਸਆਈ ਖਾਲਿਸਤਾਨੀਆਂ ਜ਼ਰੀਏ ਭਾਰਤ ਖਿਲਾਫ ਸਾਜ਼ਿਸ਼ਾਂ ਘੜ ਰਿਹਾ ਹੈ। ਇਨ੍ਹਾਂ ਦੇ ਨਿਸ਼ਾਨੇ ’ਤੇ ਫੌਜ ਤੇ ਪੁਲਿਸ ਬਲ ਦੇ ਅਫ਼ਸਰ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਦਿੱਲੀ ਵਿੱਚ ਇੱਕ ਦਰਜਨ ਤੋਂ ਵੱਧ ਲੋਕ ਇਨ੍ਹਾਂ ਦੇ ਨਿਸ਼ਾਨੇ ’ਤੇ ਹਨ। ਇਸ ਨੂੰ ਵੇਖਦਿਆਂ ਖੁਫੀਆ ਏਜੰਸੀਆਂ ਨੇ ਇੱਕ ਲਿਸਟ ਵੀ ਜਾਰੀ ਕੀਤੀ ਹੈ।
ਭਾਰਤ ਦਾ ਦਾਅਵਾ ਹੈ ਕਿ ਪਾਕਿਸਤਾਨ ਕਈ ਸਾਲਾਂ ਤੋਂ ਖਾਲਿਸਤਾਨ ਸਮਰਥਕਾਂ ਨੂੰ ਅੱਤਵਾਦ ਫੈਲਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਪਿਛਲੇ ਸਾਲ ਅਪਰੈਲ ਵਿੱਚ ਖ਼ਬਰ ਆਈ ਸੀ ਕਿ ਪਾਕਿਸਤਾਨ ਤੋਂ ਚੱਲਣ ਵਾਲੇ ਜੈਸ਼-ਏ-ਮੁਹੰਮਦ ਤੇ ਜਮਾਤ-ਉਦ-ਦਾਵਾ ਵਰਗੇ ਅੱਤਵਾਦੀ ਸੰਗਠਨ ਖਾਲਿਸਤਾਨੀਆਂ ਦਾ ਸਮਰਥਨ ਕਰ ਰਹੇ ਹਨ।
ਦੱਸ ਦੇਈਏ ਕਿ ਪਿਛਲੇ ਸਾਲ ਨਵੰਬਰ ਵਿੱਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਵੀ ਖਾਲਿਸਤਾਨੀ ਲੀਡਰ ਗੋਪਾਲ ਸਿੰਘ ਦੀ ਮੌਜੂਦਗੀ ਦਰਜ ਕੀਤੀ ਗਈ ਸੀ। ਗੋਪਾਲ ਸਿੰਘ ਨੇ ਗਰਮਜੋਸ਼ੀ ਨਾਲ ਪਾਕਿ ਫੌਜ ਮੁਖੀ ਜਨਰਲ ਕਮਰ ਬਾਜਵਾ ਨਾਲ ਹੱਥ ਮਿਲਾਇਆ ਸੀ।