ਇਸਲਾਮਬਾਦ: ਪਾਕਿਸਤਾਨੀ ਸੰਸਦ ਮੈਂਬਰ ਤੇ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਸਾਬਕਾ ਨੇਤਾ 49 ਸਾਲਾ ਆਮਿਰ ਲਿਆਕਤ ਹੁਸੈਨ ਨੇ ਇਸੇ ਸਾਲ ਫਰਵਰੀ 'ਚ 18 ਸਾਲਾ ਸਈਦਾ ਦਾਨੀਆ ਸ਼ਾਹ ਨਾਲ ਵਿਆਹ ਕਰਵਾਇਆ ਤਾਂ ਉਹ ਕਈ ਦਿਨਾਂ ਤੋਂ ਸੁਰਖੀਆਂ 'ਚ ਸੀ। ਹੁਣ ਇੱਕ ਵਾਰ ਫਿਰ ਇਹ ਨੇਤਾ ਤੇ ਪਾਕਿਸਤਾਨ ਦੀ ਮਸ਼ਹੂਰ ਟੀਵੀ ਹੋਸਟ ਸੁਰਖੀਆਂ ਵਿੱਚ ਹਨ। ਦਰਅਸਲ, ਅਜਿਹੀਆਂ ਖਬਰਾਂ ਆਈਆਂ ਸਨ ਕਿ ਵਿਆਹ ਦੇ ਦੋ ਮਹੀਨੇ ਬਾਅਦ ਹੀ ਦੋਵਾਂ ਦਾ ਤਲਾਕ ਹੋ ਗਿਆ ਸੀ। ਇਸ ਜੋੜੇ ਨੇ ਹੁਣ ਸਾਹਮਣੇ ਆ ਕੇ ਇਨ੍ਹਾਂ ਖਬਰਾਂ ਦੀ ਸੱਚਾਈ ਦੱਸ ਦਿੱਤੀ ਹੈ।

ਆਮਿਰ ਨੇ ਆਪਣੀ ਪੁਰਾਣੀ ਪਾਰਟੀ ਪੀਟੀਆਈ 'ਤੇ ਦੋਸ਼ ਲਗਾਇਆ ਹੈ ਕਿ ਪਾਰਟੀ ਤੇ ਉਸ ਦੇ 'ਭਾੜੇ ਦੇ ਲੋਕ' ਅਫਵਾਹ ਫੈਲਾ ਰਹੇ ਹਨ ਕਿ ਉਨ੍ਹਾਂ ਨੇ ਦਾਨੀਆ ਨੂੰ ਤਲਾਕ ਦੇ ਦਿੱਤਾ ਹੈ। ਆਮਿਰ ਨੇ ਦਾਨੀਆ ਤੋਂ ਤਲਾਕ ਦੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਪੀਟੀਆਈ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੱਕ ਇੰਸਟਾਗ੍ਰਾਮ ਪੋਸਟ 'ਚ ਲਿਖਿਆ, 'ਪੀਟੀਆਈ ਤੇ ਇਸ ਦੇ ਕਰਿੰਦੇ ਅਫਵਾਹ ਫੈਲਾ ਰਹੇ ਹਨ ਕਿ ਮੈਂ ਦਾਨੀਆ ਤੋਂ ਨਾਤਾ ਤੋੜ ਲਿਆ ਹੈ। ਮੈਂ ਇਨ੍ਹਾਂ ਸਾਰੀਆਂ ਅਫਵਾਹਾਂ ਦਾ ਖੰਡਨ ਕਰਦਾ ਹਾਂ। ਅਸੀਂ (ਆਮਿਰ-ਦਾਨੀਆ) ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ।

ਉਨ੍ਹਾਂ ਧਮਕੀ ਭਰੇ ਲਹਿਜੇ 'ਚ ਅੱਗੇ ਲਿਖਿਆ ਕਿ ਮੈਂ ਪੀਟੀਆਈ ਅਤੇ ਉਨ੍ਹਾਂ ਦੇ ਭਾੜੇ ਦੇ ਗੁੰਡਿਆਂ ਨੂੰ ਚੇਤਾਵਨੀ ਦਿੱਤੀ ਹੈ। ਮੇਰੇ ਘਰ ਵੜਨ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਕੁਝ ਨਹੀਂ ਬਚੇਗਾ।

ਆਮਿਰ-ਦਾਨੀਆ ਦੇ ਤਲਾਕ ਦੀਆਂ ਅਫਵਾਹਾਂ 'ਤੇ ਕਈ ਪੱਤਰਕਾਰਾਂ ਤੇ ਸੋਸ਼ਲ ਮੀਡੀਆ ਪੇਜਾਂ ਨੇ ਖਬਰ ਲਾ ਦਿੱਤੀ ਸੀ ਕਿ ਦੋਵਾਂ ਦਾ ਤਲਾਕ ਹੋ ਗਿਆ ਹੈ, ਜਿਸ ਲਈ ਆਮਿਰ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ। ਆਮਿਰ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੀ ਸਰਵਉੱਚ ਖੁਫੀਆ ਏਜੰਸੀ (Federal Investigation Agency) ਦੇ ਸੰਪਰਕ 'ਚ ਹਨ ਤੇ ਤਲਾਕ ਦੀ ਫਰਜ਼ੀ ਖਬਰ ਫੈਲਾਉਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਦਾਨੀਆ ਸ਼ਾਹ ਨੇ ਵੀ ਇੰਸਟਾਗ੍ਰਾਮ ਦੇ ਜ਼ਰੀਏ ਤਲਾਕ ਦੀ ਖਬਰ ਨੂੰ ਅਫਵਾਹ ਦੱਸਿਆ ਹੈ। ਦਾਨੀਆ ਨੇ ਪੋਸਟ 'ਚ ਲਿਖਿਆ ਹੈ ਕਿ ਅਫਵਾਹਾਂ ਸਿਰਫ ਅਫਵਾਹਾਂ ਹਨ। ਅਸੀਂ ਕਿਸੇ ਨੂੰ ਵੀ ਝੂਠੀਆਂ ਖ਼ਬਰਾਂ ਫੈਲਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਆਮਿਰ ਦਾਨੀਆ ਦਾ ਹੈ ਅਤੇ ਦਾਨੀਆ ਆਮਿਰ ਦੀ ਹੈ। ਦਾਨੀਆ ਨੇ ਪੋਸਟ ਦੇ ਨਾਲ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਕਹਿ ਰਹੀ ਹੈ, 'ਮੈਂ ਦਾਨੀਆ ਆਮਿਰ ਹਾਂ ਅਤੇ ਅਸੀਂ ਇੱਕ ਹਾਂ। ਅਸੀਂ ਵੱਖਰੇ ਨਹੀਂ ਹਾਂ। ਅਫਵਾਹਾਂ ਫੈਲਾਉਣਾ ਬੰਦ ਕਰੋ।