ਲਾਹੌਰ: ਲਹਿੰਦੇ ਪੰਜਾਬ ਦੇ ਸਿਆਲਕੋਟ ਵਿੱਚ ਸਥਿਤ 500 ਸਾਲ ਪੁਰਾਣੇ ਗੁਰਦੁਆਰੇ ਨੂੰ ਭਾਰਤੀ ਸਿੱਖਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਬਾਬੇ ਦੀ ਬੇਰ ਵਿਖੇ ਭਾਰਤੀ ਸ਼ਰਧਾਲੂ ਨਹੀਂ ਸੀ ਜਾ ਸਕਦੇ।
ਇਤਿਹਾਸ ਦੇ ਝਰੋਖੇ ਵਿੱਚੋਂ ਨਜ਼ਰ ਮਾਰੀਏ ਤਾਂ 16ਵੀਂ ਸਦੀ ਵਿੱਚ ਜਦ ਗੁਰੂ ਨਾਨਕ ਦੇਵ ਕਸ਼ਮੀਰ ਤੋਂ ਸਿਆਲਕੋਟ ਆਏ ਸਨ ਤਾਂ ਇੱਥੇ ਲੱਗੀ ਬੇਰੀ ਹੇਠ ਰੁਕੇ ਸਨ। ਸਰਦਾਰ ਨੱਥਾ ਸਿੰਘ ਨੇ ਗੁਰੂ ਜੀ ਦੀ ਯਾਦ ਵਿੱਚ ਇਹ ਗੁਰਦੁਆਰਾ ਉੱਸਰਵਾਇਆ ਸੀ। ਹਰ ਸਾਲ ਪੰਜਾਬ, ਭਾਰਤ, ਯੂਰਪ, ਕੈਨੇਡਾ ਤੇ ਅਮਰੀਕਾ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਂਦੇ ਹਨ ਪਰ ਇਸ ਗੁਰਦੁਆਰੇ ਦੀ ਦਰਸ਼ਨ ਕਰਨ ਦੀ ਖੁੱਲ੍ਹ ਪਹਿਲਾਂ ਨਹੀਂ ਸੀ ਦਿੱਤੀ ਗਈ।
ਸਥਾਨਕ ਅਖ਼ਬਾਰ ਦ ਐਕਸਪ੍ਰੈਸ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਨੇ ਲਾਹੌਰ ਤੋਂ 140 ਕਿਲੋਮੀਟਰ ਦੂਰ ਸਿਆਲਕੋਟ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਬਾਬੇ ਦੇ ਬੇਰ ਦੇ ਦਰਸ਼ਨਾਂ ਲਈ ਭਾਰਤੀ ਸ਼ਰਧਾਲੂਆਂ ਨੂੰ ਆਗਿਆ ਦੇਣ ਲਈ ਸੂਬੇ ਵਕਫ ਬੋਰਡ ਨੂੰ ਸਿਫਾਰਸ਼ ਕੀਤੀ ਹੈ। ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਯਾਤਰੀ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਗੁਰੂ ਨਾਨਕ ਦੇਵ ਦੇ ਗੁਰਪੁਰਬ, ਵਿਸਾਖੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਆਉਂਦੇ ਹਨ।
ਸਿੱਖਾਂ ਨੂੰ ਪਾਕਿਸਤਾਨ ਸਰਕਾਰ ਦਾ ਇੱਕ ਹੋਰ ਤੋਹਫਾ, 500 ਸਾਲ ਪੁਰਾਣਾ ਗੁਰੂ ਘਰ ਦਰਸ਼ਨਾਂ ਲਈ ਖੁੱਲ੍ਹਾ
ਏਬੀਪੀ ਸਾਂਝਾ Updated at: 01 Jul 2019 03:55 PM (IST)