ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸ਼ੁੱਧ ਆਮਦਨ ਪਿਛਲੇ ਤਿਨ ਸਾਲਾਂ ਵਿੱਚ 3.09 ਕਰੋੜ ਰੁਪਏ ਘਟ ਗਈ ਹੈ ਜਦਕਿ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਆਮਦਨ ਵਿੱਚ ਵਾਧਾ ਜਾਰੀ ਹੈ। ਡਾਅਨ ਅਖ਼ਬਾਰ ਦੀ ਰਿਪੋਰਟ ਮੁਤਾਬਕ 2015 ’ਚ ਖ਼ਾਨ ਦੀ ਆਮਦਨ 5.56 ਕਰੋੜ ਰੁਪਏ (ਪਾਕਿਸਤਾਨੀ ਰੁਪਏ) ਸੀ। ਸਾਲ 2016 ਵਿੱਚ ਇਹ ਘਟ ਕੇ 1.29 ਕਰੋੜ ਰੁਪਏ ਰਹਿ ਗਈ ਜਦਕਿ 2017 ਵਿੱਚ ਇਹ ਮਹਿਜ਼ 47 ਲੱਖ ਰੁਪਏ ’ਤੇ ਆ ਗਈ ਹੈ।


ਰਿਪੋਰਟ ਵਿੱਚ ਅਧਿਕਾਰਿਕ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 2015 ਵਿੱਚ ਇਸਲਾਮਾਬਾਦ ’ਚ ਇੱਕ ਅਪਾਰਟਮੈਂਟ ਦੀ ਵਿਕਰੀ ਨਾਲ ਖ਼ਾਨ ਦੀ ਆਮਦਨ ’ਚ 10 ਲੱਖ ਰੁਪਏ ਤੋਂ ਥੋੜਾ ਵੱਧ ਇਜ਼ਾਫਾ ਹੋਇਆ ਸੀ। ਇਸ ਦੇ ਇਲਾਵਾ ਉਨ੍ਹਾਂ ਨੂੰ ਵਿਦੇਸ਼ਾਂ ਤੋਂ 98 ਲੱਖ ਰੁਪਏ ਦੇ ਟੈਕ ਮਿਲੇ।

ਇਸ ਪਿੱਛੋਂ 2016 ਵਿੱਚ ਉਨ੍ਹਾਂ ਦੀ ਸ਼ੁੱਧ ਆਮਦਨ ਘਟ ਕੇ 1,29 ਕਰੋੜ ਰੁਪਏ ਰਹਿ ਗਈ ਸੀ। ਇਸ ਵਿੱਚੋਂ ਵੀ 74 ਲੱਖ ਰੁਪਏ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਆਏ ਸੀ। ਰਿਪੋਰਟ ਮੁਤਾਬਕ ਪਾਕਿਸਤਾਨੀ ਸੰਸਦ ਦੇ ਹੇਠਲੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਦੀ ਕੁੱਲ ਆਮਦਨ ਵਿਚ ਲਗਾਤਾਰ ਵਾਧਾ ਹੋਇਆ ਹੈ। 2015 ਵਿੱਚ ਉਨ੍ਹਾਂ ਦੀ ਆਮਦਨ 76 ਲੱਖ ਰੁਪਏ ਸੀ ਜੋ 2017 ਵਿੱਚ ਵਧ ਕੇ ਇੱਕ ਕਰੋੜ ਦਾ ਅੰਕੜਾ ਪਾਰ ਕਰ ਗਈ ਹੈ।