ਇਮਸਾਲਾਮਾਬਾਦ: ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਐਲਾਨ ਕੀਤਾ ਹੈ ਕਿ ਪਾਕਿਸਤਾਨ ਹੁਣ ਕੋਈ ਵੀ ਜੰਗ ਨਹੀਂ ਲੜੇਗਾ। ਵੀਰਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਰਾਵਲਪਿੰਡੀ ਵਿੱਚ ਫ਼ੌਜ ਵੱਲੋਂ ਕਰਵਾਏ ਗਏ ਸ਼ਹੀਦੀ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਜੰਗ ਦੇ ਖਿਲਾਫ਼ ਹਨ। ਉਨ੍ਹਾਂ ਦੀ ਵਿਦੇਸ਼ ਨੀਤੀ ਦੇਸ਼ ਦੀ ਸਰਵੋਤਮ ਨੀਤੀ ਸਾਬਤ ਹੋਵੇਗੀ।


ਇਮਰਾਨ ਨੇ ਕਿਹਾ ਕਿ ਪਾਕਿਸਤਾਨ ਫ਼ੌਜ ਵਾਂਗ ਕਿਸੇ ਹੋਰ ਦੇਸ਼ ਨੇ ਅੱਤਵਾਦ ਵਿਰੁੱਧ ਜੰਗ ਨਹੀਂ ਲੜੀ ਹੋਵੇਗੀ। ਇੰਨਾ ਹੀ ਨਹੀਂ ਇਮਰਾਨ ਖ਼ਾਨ ਨੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜ ਕੇ 'ਮਨੁੱਖੀ ਧਨ' ਵਿੱਚ ਨਿਵੇਸ਼ ਵਧਾਉਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਉਹ ਇਸਲਾਮ ਦੇ ਪਵਿੱਤਰ ਸ਼ਹਿਰ ਮਦੀਨਾ ਵਰਗੇ ਸਿਧਾਂਤਾਂ 'ਤੇ ਚੱਲਦਿਆਂ ਆਪਣੇ ਦੇਸ਼ ਦਾ ਵਿਕਾਸ ਕਰਨਗੇ।

ਹਾਲਾਂਕਿ, ਉਸੇ ਸਮਾਗਮ ਵਿੱਚ ਪਾਕਿਸਤਾਨ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੇ ਕਿਹਾ ਕਿ ਸੰਨ 1965 ਤੇ 1971 ਦੀਆਂ ਜੰਗਾਂ ਤੋਂ ਪਾਕਿਸਤਾਨ ਨੇ ਬਹੁਤ ਕੁਝ ਸਿੱਖਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਅੱਤਵਾਦ ਵਿਰੁੱਧ ਛਿੜੀ ਜੰਗ ਦੀ ਵੱਡੀ ਕੀਮਤ ਅਦਾ ਕੀਤੀ ਹੈ। ਬਾਜਵਾ ਨੇ ਦੱਸਿਆ ਕਿ ਅੱਤਵਾਦ ਕਰ ਕੇ ਦੇਸ਼ ਦੇ 70,000 ਲੋਕਾਂ ਨੂੰ ਜਾਨ ਗਵਾਉਣੀ ਪਈ ਤੇ ਅਰਥਚਾਰੇ ਤੇ ਢਾਂਚੇ ਦਾ ਵੱਡਾ ਨੁਕਸਾਨ ਹੋਇਆ।