ਸਥਾਨਕ ਮੀਡੀਆ ਰਿਪੋਰਟ ਅਨੁਸਾਰ ਜੰਗਲਾਤ ਵਿਭਾਗ ਵੱਲੋਂ ਭਾਰਤੀ ਹਵਾਈ ਫ਼ੌਜ ਦੇ ਅਣਪਛਾਤੇ ਪਾਇਲਟਾਂ ਖ਼ਿਲਾਫ਼ ਬਾਲਾਕੋਟ ਖੇਤਰ ਵਿੱਚ ਦਰੱਖ਼ਤਾਂ ’ਤੇ ਬੰਬਾਰੀ ਕਰਨ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਐੱਫਆਈਆਰ ਵਿੱਚ 19 ਦਰੱਖ਼ਤਾਂ ਦੇ ਨੁਕਸਾਨੇ ਜਾਣ ਦੇ ਵੇਰਵੇ ਵੀ ਦਰਜ ਕੀਤੇ ਗਏ ਹਨ। ਮੀਡੀਆ ਰਿਪੋਰਟ ਅਨੁਸਾਰ ਪਾਕਿਸਤਾਨ ਵਲੋਂ ਸੰਯੁਕਤ ਰਾਸ਼ਟਰ ਕੋਲ ਵੀ ਭਾਰਤ ਵਿਰੁੱਧ ‘ਈਕੋ-ਟੈਰਰਿਜ਼ਮ’ ਫੈਲਾਉਣ ਦੇ ਦੋਸ਼ ਹੇਠ ਸ਼ਿਕਾਇਤ ਕਰਜ ਕਰਵਾਉਣ ਬਾਰੇ ਸੋਚਿਆ ਜਾ ਰਿਹਾ ਹੈ।
ਭਾਰਤੀ ਲੜਾਕੂ ਜਹਾਜ਼ਾਂ ਨੇ ਬਾਲਾਕੋਟ ਦੇ ਪਹਾੜੀ ਅਤੇ ਜੰਗਲੀ ਖੇਤਰ ਵਿੱਚ ਜਾਬਾ ਟੌਪ ’ਤੇ ਬੰਬ ਸੁੱਟੇ ਗਏ ਸਨ। ਇਹ ਖੇਤਰ ਮਕਬੂਜ਼ਾ ਕਸ਼ਮੀਰ ਤੋਂ 40 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਦੂਜੇ ਪਾਸੇ ਭਾਰਤ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਖੁਫ਼ੀਆ ਜਾਣਕਾਰੀਆਂ ਦੇ ਆਧਾਰ ’ਤੇ ਭਾਰਤੀ ਹਵਾਈ ਫ਼ੌਜ ਨੇ ਬਾਲਾਕੋਟ ਦੇ ਦਹਿਸ਼ਤੀ ਕੈਂਪ ’ਤੇ ਕੀਤੇ ਗਏ ਹਮਲੇ ਵਿੱਚ ਜੈਸ਼-ਏ-ਮੁਹੰਮਦ ਦੇ ਵੱਡੀ ਗਿਣਤੀ ਦਹਿਸ਼ਤਗਰਦ, ਟਰੇਨਰ, ਸੀਨੀਅਰ ਕਮਾਂਡਰ ਅਤੇ ਜਿਹਾਦੀ ਮਾਰੇ ਗਏ।