ਭਾਰਤ ਪ੍ਰਤੀ ਪਾਕਿਸਤਾਨ ਹੋਇਆ ਠੰਢਾ, ਚੁੱਕਿਆ ਪਹਿਲਾ ਕਦਮ
ਏਬੀਪੀ ਸਾਂਝਾ | 20 Nov 2019 12:36 PM (IST)
ਪਾਕਿਸਤਾਨ ਨੇ ਭਾਰਤ ਨਾਲ ਨਰਮਾਈ ਵਰਤਣੀ ਸ਼ੁਰੂ ਕੀਤੀ ਹੈ। ਹੁਣ ਤੱਕ ਲਾਈਆਂ ਪਾਬੰਦੀਆਂ ਵਿੱਚੋਂ ਡਾਕ ਸੇਵਾ ਬਹਾਲ ਕਰ ਦਿੱਤੀ ਹੈ। ਪਾਕਿਸਤਾਨ ਨੇ ਭਾਰਤ ਨਾਲ ਪਿਛਲੇ ਤਿੰਨ ਮਹੀਨਿਆਂ ਤੋਂ ਡਾਕ ਸੇਵਾ ਬੰਦ ਕੀਤੀ ਹੋਈ ਹੈ।
ਇਸਲਾਮਾਬਾਦ: ਪਾਕਿਸਤਾਨ ਨੇ ਭਾਰਤ ਨਾਲ ਨਰਮਾਈ ਵਰਤਣੀ ਸ਼ੁਰੂ ਕੀਤੀ ਹੈ। ਹੁਣ ਤੱਕ ਲਾਈਆਂ ਪਾਬੰਦੀਆਂ ਵਿੱਚੋਂ ਡਾਕ ਸੇਵਾ ਬਹਾਲ ਕਰ ਦਿੱਤੀ ਹੈ। ਪਾਕਿਸਤਾਨ ਨੇ ਭਾਰਤ ਨਾਲ ਪਿਛਲੇ ਤਿੰਨ ਮਹੀਨਿਆਂ ਤੋਂ ਡਾਕ ਸੇਵਾ ਬੰਦ ਕੀਤੀ ਹੋਈ ਹੈ। ‘ਦ ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਰਹਿੰਦੇ ਆਪਣੇ ਸਕੇ-ਸਬੰਧੀਆਂ ਨੂੰ ਚਿੱਠੀ-ਪੱਤਰ ਭੇਜਣ ਦੀ ਇਜਾਜ਼ਤ ਦੇ ਦਿੱਤੀ ਹੈ। ਕਸ਼ਮੀਰ ਮੁੱਦੇ ਨੂੰ ਲੈ ਕੇ ਤਲਖੀ ਵਧਣ ਮਗਰੋਂ ਪਾਕਿਸਤਾਨ ਨੇ ਇਹ ਸੇਵਾ ਮੁਅੱਤਲ ਕਰ ਦਿੱਤੀ ਸੀ। ਪਾਕਿਸਤਾਨ ਪੋਸਟ ਨੇ ਰਸਮੀ ਸਰਕੂਲਰ ਜਾਰੀ ਕਰਕੇ ਮੁਲਕ ਵਿਚਲੇ ਆਪਣੇ ਡਾਕਘਰਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਜਨਰਲ ਪੋਸਟ ਆਫਿਸ (ਜੀਪੀਓ) ਰਾਵਲਪਿੰਡੀ ਨੇ ਰੋਜ਼ਨਾਮਚੇ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਸੇਵਾਵਾਂ ਬਹਾਲ ਹੋਣ ਮਗਰੋਂ ਹੁਣ ਪਾਕਿਸਤਾਨੀ ਨਾਗਰਿਕ ਭਾਰਤ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਚਿੱਠੀਆਂ, ਰਜਿਸਟਰੀਆਂ ਤੇ ਐਕਸਪ੍ਰੈੱਸ ਪੱਤਰ ਭੇਜ ਸਕਣਗੇ ਜਦੋਂਕਿ ਪਾਰਸਲ ਤੇ ਹੋਰ ਵਸਤਾਂ ਦੀ ਢੁਆਈ ’ਤੇ ਪਾਬੰਦੀ ਅਜੇ ਵੀ ਆਇਦ ਰਹੇਗੀ।