ਇਸਲਾਮਾਬਾਦ: ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪਾਕਿਸਤਾਨ ਦੀ ਡਿਪਲੋਮੈਟਿਕ ਰਣਨੀਤੀ ਭਾਵ 'ਮੈਂਗੋ ਡਿਪਲੋਮੇਸੀ' ਫ਼ੇਲ੍ਹ ਹੋ ਕੇ ਰਹਿ ਗਈ ਹੈ। ਪਾਕਿਸਤਾਨ ਨੇ 32 ਤੋਂ ਵੱਧ ਦੇਸ਼ਾਂ ਦੇ ਰਾਜਾਂ ਦੇ ਮੁਖੀਆਂ ਨੂੰ ਨਵੀਂ ਰਣਨੀਤੀ ਤਹਿਤ ਤੋਹਫੇ ਵਜੋਂ ਅੰਬ ਭੇਜੇ ਸਨ। ਅਮਰੀਕਾ ਅਤੇ ਇਸ ਦੇ ਖਾਸ ਦੋਸਤ ਚੀਨ ਸਣੇ ਕਈ ਹੋਰ ਦੇਸ਼ਾਂ ਨੇ ਇਸ ਤੋਹਫ਼ੇ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਿਦੇਸ਼ ਦਫ਼ਤਰ (ਐਫਓ) ਨੇ ਬੁੱਧਵਾਰ ਨੂੰ 32 ਤੋਂ ਵੱਧ ਦੇਸ਼ਾਂ ਦੇ ਮੁਖੀਆਂ ਨੂੰ ਅੰਬਾਂ ਦੇ ਡੱਬੇ ਭੇਜੇ ਸਨ ਪਰ ਅਮਰੀਕਾ ਤੇ ਚੀਨ ਸਮੇਤ ਕਈ ਦੇਸ਼ਾਂ ਨੇ ਇਸ ਤੋਹਫ਼ੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਈ, ਉਨ੍ਹਾਂ ਕੋਰੋਨਾ ਵਾਇਰਸ ਦੇ ਅਲੱਗ-ਅਲੱਗ ਨਿਯਮਾਂ ਦਾ ਹਵਾਲਾ ਦਿੱਤਾ ਹੈ।
 
‘ਦ ਨਿਊਜ਼ ਇੰਟਰਨੈਸ਼ਨਲ’ ਦੀ ਰਿਪੋਰਟ ਅਨੁਸਾਰ, ‘ਚੌਂਸਾ’ ਅੰਬਾਂ ਨੂੰ ਰਾਸ਼ਟਰਪਤੀ ਡਾ: ਆਰਿਫ਼ ਅਲਵੀ ਦੀ ਤਰਫੋਂ 32 ਦੇਸ਼ਾਂ ਦੇ ਰਾਜਾਂ ਦੇ ਮੁਖੀਆਂ ਨੂੰ ਭੇਜਿਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਅੰਬ ਦੇ ਬਕਸੇ ਈਰਾਨ, ਖਾੜੀ ਦੇਸ਼ਾਂ, ਤੁਰਕੀ, ਬ੍ਰਿਟੇਨ, ਅਫਗਾਨਿਸਤਾਨ, ਬੰਗਲਾਦੇਸ਼ ਤੇ ਰੂਸ ਨੂੰ ਵੀ ਭੇਜੇ ਜਾਣਗੇ। ਸੂਤਰਾਂ ਅਨੁਸਾਰ ਐਫਓ ਦੀ ਇਸ ਸੂਚੀ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਾ ਨਾਮ ਵੀ ਸੀ ਪਰ ਪੈਰਿਸ ਦਾ ਹੁਣ ਤੱਕ ਇਸ ਬਾਰੇ ਪਾਕਿਸਤਾਨ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।

ਇਨ੍ਹਾਂ ਦੇਸ਼ਾਂ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਭੇਜੇ ਤੋਹਫ਼ੇ ਨੂੰ ਰੱਦ ਕਰ ਦਿੱਤਾ।

ਰਿਪੋਰਟ ਅਨੁਸਾਰ, ਅਮਰੀਕਾ ਤੇ ਚੀਨ ਤੋਂ ਇਲਾਵਾ, ਜਿਨ੍ਹਾਂ ਦੇਸ਼ਾਂ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਦੁਆਰਾ ਭੇਜੇ ਤੋਹਫ਼ੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਉਨ੍ਹਾਂ ਵਿੱਚ ਕੈਨੇਡਾ, ਨੇਪਾਲ, ਮਿਸਰ ਅਤੇ ਸ੍ਰੀਲੰਕਾ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਨੇ ਇਸ ਦੇ ਪਿੱਛੇ ਕੋਰੋਨਾ ਫੈਲਣ ਤੋਂ ਰੋਕਣ ਲਈ ਲਾਗੂ ਹੋਣ ਵਾਲੇ ਵੱਖਰੇ ਨਿਯਮਾਂ ਦਾ ਹਵਾਲਾ ਦਿੱਤਾ ਹੈ।

'ਅਨਵਰ ਰਤੌਲ' ਤੇ 'ਸਿੰਧਾਰੀ' ਅੰਬ ਇਸ ਵਾਰ ਖੇਪ ਦਾ ਹਿੱਸਾ ਨਹੀਂ ਸਨ

ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪਾਕਿਸਤਾਨ ਨੇ ਅੰਬ ਦੂਜੇ ਦੇਸ਼ਾਂ ਨੂੰ ਭੇਜਿਆ ਹੋਵੇ। ਇਸ ਤੋਂ ਪਹਿਲਾਂ ਵੀ ਉਹ ਅੰਬਾਂ ਨੂੰ ਦੂਜੇ ਦੇਸ਼ਾਂ ਦੇ ਰਾਜਾਂ ਦੇ ਮੁਖੀਆਂ ਨੂੰ ਭੇਜਦਾ ਰਿਹਾ ਹੈ। ਪਹਿਲਾਂ 'ਅਨਵਰ ਰਟੌਲ' ਅਤੇ 'ਸਿੰਧਾਰੀ' ਅੰਬ ਵੀ ਉਸ ਦੁਆਰਾ ਭੇਜੀ ਗਈ ਅੰਬ ਦੀ ਖੇਪ ਦਾ ਹਿੱਸਾ ਸਨ ਪਰ ਐਤਕੀਂ ਉਹ ਨਹੀਂ ਭੇਜੇ ਗਏ।