ਕੋਲਕਾਤਾ: ਚੀਨੀ ਨਾਗਰਿਕ ਹਾਨ ਜੁਨਵੇ ਨੂੰ ਮਾਲਦਾ (ਪੱਛਮੀ ਬੰਗਾਲ) ’ਚ ਗ੍ਰਿਫ਼ਤਾਰ ਕੀਤਾ ਗਿਆ ਸੀ; ਤਦ ਉਹ ਬੰਗਲਾਦੇਸ਼ ਤੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੋਸ਼ ਹੈ ਕਿ ਉਹ ਹੁਣ ਤੱਕ 1,300 ਭਾਰਤੀ ਸਿਮ ਕਾਰਡ ਭਾਰਤ ਤੋਂ ਚੀਨ ਲਿਜਾ ਚੁੱਕਾ ਹੈ।


ਇਲਜ਼ਾਮ ਹੈ ਕਿ ਚੀਨ ਵਿੱਚ ਇਨ੍ਹਾਂ ਸਿਮ ਕਾਰਡਾਂ ਦੀ ਵਰਤੋਂ ਨਾਲ ਹੀ ਭਾਰਤ ਦੇ ਪ੍ਰਮੁੱਖ ਅਦਾਰਿਆਂ ਤੇ ਟਿਕਾਣਿਆਂ ਦੇ ਕੰਟਰੋਲ ਰੂਮਜ਼ ਦੇ ਕੰਪਿਊਟਰ ਤੇ ਸਰਵਰ ਹੈਕ ਕੀਤੇ ਜਾਂਦੇ ਰਹੇ ਹਨ। ਇਨ੍ਹਾਂ ਕਾਰਡਾਂ ਦੀ ਵਰਤੋਂ ਕਥਿਤ ਤੌਰ ’ਤੇ ਹੋਰ ਵਿੱਤੀ ਧੋਖਾਧੜੀ ਕਰਨ ਲਈ ਵੀ ਕੀਤੀ ਜਾਂਦੀ ਰਹੀ ਦੱਸੀ ਜਾਂਦੀ ਹੈ। ਉਹ ਆਪਣੇ ਕੱਛੇ-ਬੁਨੈਣ ਹੇਠਾਂ ਸਿਮ ਕਾਰਡ ਲੁਕਾ ਕੇ ਚੀਨ ਲਿਜਾਂਦਾ ਰਿਹਾ ਹੈ।


ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਉਹ ATS ਲਖਨਊ ਵੱਲੋਂ ਕੀਤੀ ਜਾ ਰਹੀ ਇੱਕ ਜਾਂਚ ਦੇ ਮਾਮਲੇ ਵਿੱਚ ਵੀ ‘ਵਾਂਟੇਡ’ ਹੈ। ਬੀਐਸਐਫ਼ ਨੇ ਚੀਨ ਦੇ ਇਸ ਘੁਸਪੈਠੀਏ ਤੇ ਉਸ ਕੋਲੋਂ ਬਰਾਮਦ ਹੋਈਆਂ ਸਾਰੀਆਂ ਵਸਤਾਂ ਕੋਲਕਾਤਾ ਦੇ ਗੁਲਾਬਗੰਜ, ਕਾਲੀਆ ਚੱਕ ਪੁਲਿਸ ਥਾਣੇ ਹਵਾਲੇ ਕਰ ਦਿੱਤੀਆਂ ਹਨ।


ਹਾਨ ਜੁਨਵੇ ਦੇ ਇੱਕ ਬਿਜ਼ਨੇਸ ਪਾਰਟਨਰ ਸੁਨ ਜਿਆਂਗ ਨੂੰ ਪਹਿਲਾਂ ਲਖਨਊ ਦੇ ਦਹਿਸ਼ਤਗਰਦੀ ਵਿਰੋਧੀ ਸਕੁਐਡ (ATS) ਨੇ ਗ੍ਰਿਫ਼ਤਾਰ ਕੀਤਾ ਸੀ। ਜਿਆਂਗ ਨੇ ਵੀ ਪੁੱਛਗਿੱਛ ਦੌਰਾਨ ਹਾਨ ਜੁਨਵੇ ਦਾ ਨਾਂਅ ਲੈਂਦਿਆਂ ਸਪੱਸ਼ਟ ਕੀਤਾ ਸੀ ਕਿ ਉਹ ਭਾਰਤੀ ਸਿਮ ਕਾਰਡ ਚੀਨ ਪਹੁੰਚਾਉਂਦੇ ਰਹੇ ਹਨ। ਤਦ ਹਾਨ ਜੁਨਵੇ ਵਿਰੁੱਧ ‘ਬਲੂ ਕੌਰਨਰ ਨੋਟਿਸ’ ਵੀ ਜਾਰੀ ਕੀਤਾ ਗਿਆ ਸੀ।


ਚੀਨ ਜਾਣ ਤੋਂ ਬਾਅਦ ਜੁਨਵੇ ਨੂੰ ਭਾਰਤੀ ਵੀਜ਼ਾ ਇਸ ਲਈ ਜਾਰੀ ਨਹੀਂ ਕੀਤਾ ਗਿਆ ਸੀ ਕਿਉਂਕਿ ਉਸ ਵਿਰੁੱਧ ATS ਦਾ ਕੇਸ ਦਰਜ ਹੋ ਚੁੱਕਾ ਸੀ। ਇਸੇ ਲਈ ਉਸ ਨੇ ਪਹਿਲਾਂ ਬੰਗਲਾਦੇਸ਼ ਦਾ ਬਿਜ਼ਨੈੱਸ ਵੀਜ਼ਾ ਲਿਆ ਤੇ ਫਿਰ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਬਾਰਡਰ ਸਕਿਓਰਿਟੀ ਫ਼ੋਰਸ (BSF) ਦੇ ਚੌਕਸ ਜਵਾਨਾਂ ਨੇ ਉਸ ਨੂੰ ਮਾਲਦਾ ਜ਼ਿਲ੍ਹੇ ਦੀ ਮਲਿਕ ਸੁਲਤਾਨਪੁਰ ਸਰਹੱਦੀ ਚੌਕੀ ਨੇੜੇ ਢਾਹ ਲਿਆ। ਫਿਰ ਉਸ ਨੂੰ ਪੁੱਛਗਿੱਛ ਲਈ ਮੋਹਾਦੀਪੁਰ ਲਿਜਾਂਦਾ ਗਿਆ।


‘ਇੰਡੀਅਨ ਐਕਸਪ੍ਰੈੱਸ’ ਵੱਲੋਂ ਪ੍ਰਕਾਸ਼ਤ ਰਿਪੋਰਟ ਅਨੁਸਾਰ ਜੁਨਵੇ ਕੋਲੋਂ ਇੱਕ ਐਪਲ ਲੈਪਟੌਪ, 2 iPhones, ਇੱਕ ਬੰਗਲਾਦੇਸ਼ੀ ਸਿਮ, ਇੱਕ ਭਾਰਤੀ ਸਿਮ, ਦੋ ਚੀਨੀ ਸਿਮ, ਦੋ ਪੈੱਨ ਡ੍ਰਾਈਵ, ਤਿੰਨ ਬੈਟਰੀਆਂ, ਦੋ ਛੋਟੀਆਂ ਟਾਰਚਾਂ, 5 ਮਨੀ ਟ੍ਰਾਂਜ਼ੈਕਸ਼ਨ ਮਸ਼ੀਨਾਂ, ਦੋ ਏਟੀਮ/ਮਾਸਟਰਕਾਰਡ ਤੇ ਅਮਰੀਕੀ, ਬੰਗਲਾਦੇਸ਼ੀ ਤੇ ਭਾਰਤੀ ਕਰੰਸੀ ਜਿਹੀਆਂ ਵਸਤਾਂ ਬਰਾਮਦ ਹੋਈਆਂ ਹਨ।


ਜੁਨਵੇ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪਹਿਲਾਂ ਚਾਰ-ਵਾਰ ਭਾਰਤ ਆ ਚੁੱਕਾ ਹੈ। ਸਾਲ 2020 ਵਿੱਚ ਉਹ ਹੈਦਰਾਬਾਦ ਵੀ ਗਿਆ ਸੀ ਤੇ 2019 ਤੋਂ ਬਾਅਦ ਤਿੰਨ ਵਾਰ ਦਿੱਲੀ ਤੇ ਗੁਰੂਗ੍ਰਾਮ (ਗੁੜਗਾਓਂ) ਵੀ ਜਾ ਚੁੱਕਾ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਗੁਰੂਗ੍ਰਾਮ ਵਿੱਚ ਉਸ ਦਾ ਆਪਣਾ 100 ਕਮਰਿਆਂ ਦਾ ਹੋਟਲ ‘ਸਟਾਰ ਸਪ੍ਰਿੰਗ’ ਵੀ ਹੈ, ਜਿੱਥੇ ਚੀਨੀ ਮੂਲ ਦੇ ਨਾਗਰਿਕ ਵੀ ਸਟਾਫ਼ ਮੈਂਬਰਾਂ ਵਜੋਂ ਮੌਜੂਦ ਹਨ।