ਇਸਲਾਮਾਬਾਦ: ਪਾਕਿਸਤਾਨ ਵਿੱਚ ਅਗਵਾ ਕਰਕੇ ਧਰਮ ਪਰਿਵਰਤਿਤ ਕੀਤੀ ਗਈ ਸਿੱਖ ਕੁੜੀ ਜਗਜੀਤ ਕੌਰ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਲੜਕੀ ਤੇ ਲੜਕੇ ਦੇ ਪਰਿਵਾਰ ਨੇ ਅੱਜ ਲਹਿੰਦੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ। ਲਾਹੌਰ ਵਿੱਚ ਰਾਜਪਾਲ ਨੇ ਕਿਹਾ ਕਿ ਦੋਵਾਂ ਪੱਖਾਂ ਵਿੱਚ ਸਹਿਮਤੀ ਬਣ ਗਈ ਹੈ।




ਮੁਲਾਕਾਤ ਦੌਰਾਨ ਲੜਕੀ ਦਾ ਧਰਮ ਪਰਿਵਰਤਨ ਕਰਾਉਣ ਵਾਲੇ ਮੁਲਜ਼ਮ ਲੜਕੇ ਦੇ ਪਿਤਾ ਨੇ ਰਾਜਪਾਲ ਸਾਹਮਣੇ ਕਿਹਾ ਕਿ ਲੜਕੀ ਦੇ ਪਿਤਾ ਚਾਹੁਣ ਤਾਂ ਉਹ ਆਪਣੀ ਕੁੜੀ ਨੂੰ ਆਪਣੇ ਘਰ ਲਿਜਾ ਸਕਦੇ ਹਨ। ਉੱਧਰ ਇਸ ਮੁਲਾਕਾਤ ਦੌਰਾਨ ਲੜਕੀ ਦੇ ਮਾਪਿਆਂ ਨੇ ਕਿਹਾ ਹੈ ਕਿ ਜੇ ਲੜਕੀ ਸਾਡੇ ਨਾਲ ਨਹੀਂ ਰਹਿਣਾ ਚਾਹੁੰਦੀ, ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ। ਉਹ ਜਿੱਥੇ ਚਾਹੇ ਰਹਿ ਸਕਦੀ ਹੈ।


ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਗਜੀਤ ਕੌਰ ਨਾਂ ਦੀ ਸਿੱਖ ਕੁੜੀ ਦੇ ਮੁਸਲਿਮ ਨੌਜਵਾਨ ਮੁਹੰਮਦ ਹੁਸੈਨ ਜ਼ੁਲਫ਼ੀਕਾਰ ਨਾਲ ਨਿਕਾਹ ਦੀ ਵੀਡੀਓ ਸਾਹਮਣੇ ਆਉਣ ਉਪਰੰਤ ਇਹ ਸਾਰਾ ਮਾਮਲਾ ਪੂਰੀ ਦੁਨੀਆਂ ਵਿੱਚ ਛਾ ਗਿਆ। ਜਗਜੀਤ ਵੀਡੀਓ ਵਿੱਚ ਆਪਣਾ ਨਵਾਂ ਨਾਂ ਆਇਸ਼ਾ ਦੱਸ ਰਹੀ ਹੈ ਤੇ ਨਿਕਾਹ ਵੀ ਆਪਣੀ ਮਰਜ਼ੀ ਮੁਤਾਬਕ ਹੋਇਆ ਦੱਸ ਰਹੀ ਹੈ ਜਦਕਿ ਉਸ ਦੇ ਪਰਿਵਾਰ ਦਾ ਕਹਿਣਾ ਸੀ ਕਿ ਇਹ ਸਭ ਜ਼ਬਰਨ ਕਰਾਇਆ ਗਿਆ ਹੈ। ਪਰਿਵਾਰ ਨੇ ਨਿਆਂ ਦੀ ਮੰਗ ਕੀਤੀ ਸੀ। ਪਾਕਿਸਤਾਨ ਸਮੇਤ ਭਾਰਤ ਵਿੱਚ ਵੀ ਇਸ ਸਬੰਧੀ ਕਾਫੀ ਵਿਰੋਧ ਦੇਖਣ ਨੂੰ ਮਿਲਿਆ।