ਕਰਾਚੀ: ਸਮਝੌਤਾ ਐਕਸਪ੍ਰੈਸ ਰੱਦ ਕਰਨ ਮਗਰੋਂ ਪਾਕਿਸਤਾਨ ਨੇ ਭਾਰਤ ਆਉਂਦੀ ਇੱਕ ਹੋਰ ਰੇਲ ਗੱਡੀ ਬੰਦ ਕਰ ਦਿੱਤੀ ਹੈ। ਪਾਕਿਸਤਾਨ ਨੇ ਹਫ਼ਤਾਵਰੀ ਰੇਲ ਥਾਰ ਐਕਸ੍ਰੈਸ ਨੂੰ ਵੀ ਬੰਦ ਕਰ ਦਿੱਤਾ ਹੈ।


ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਾਸ਼ਿਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਥਾਰ ਐਕਸਪ੍ਰੈਸ ਨੂੰ ਵੀ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਇਹ ਰੇਲ ਪਾਕਿਸਤਾਨ ਦੇ ਕਸਬੇ ਖੋਖਰਾਪਾਰ ਅਤੇ ਭਾਰਤ ਦੇ ਮੋਨਾਬੋ ਰੇਲਵੇ ਸਟੇਸ਼ਨ ਰਾਹੀਂ ਸਰਹੱਦ ਪਾਰ ਕਰਦੀ ਸੀ ਅਤੇ ਕਰਾਚੀ ਤੋਂ ਜੋਧਪੁਰ ਤਕ ਜਾਂਦੀ ਸੀ।

ਰਾਸ਼ਿਦ ਨੇ ਇਹ ਫਿਰ ਦੁਹਰਾਇਆ ਕਿ ਜਿੰਨਾ ਸਮਾਂ ਉਹ ਰੇਲ ਮੰਤਰੀ ਹਨ, ਭਾਰਤ ਵੱਲ ਕੋਈ ਵੀ ਟਰੇਨ ਨਹੀਂ ਜਾਵੇਗੀ। ਭਾਰਤ ਵੱਲੋਂ ਕਸ਼ਮੀਰ ਦਾ ਪੁਨਰਗਠਨ ਕੀਤੇ ਜਾਣ ਮਗਰੋਂ ਪਾਕਿਸਤਾਨ ਲਗਾਤਾਰ ਭਾਰਤ ਨਾਲ ਰਿਸ਼ਤੇ ਖ਼ਤਮ ਕਰ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਨਾਲ ਕੂਟਨੀਤਕ ਸਬੰਧ ਤੇ ਸਮਝੌਤਾ ਰੇਲ ਸੇਵਾ ਵੀ ਪਾਕਿਸਤਾਨ ਬੰਦ ਕਰ ਚੁੱਕਾ ਹੈ।