ਅੰਮ੍ਰਿਤਸਰ: ਪਾਕਿਸਤਾਨ ਨੇ ਸਮਝੌਤਾ ਰੇਲ ਸੇਵਾ ਨੂੰ ਮੁਅੱਤਲ ਕਰ ਦਿੱਤਾ ਹੈ। ਗੁਆਂਢੀ ਮੁਲਕ ਨੇ ਦੱਸਿਆ ਹੈ ਕਿ ਉਹ ਸੁਰੱਖਿਆ ਕਾਰਨਾਂ ਕਰਕੇ ਆਪਣਾ ਰੇਲ ਡਰਾਈਵਰ ਤੇ ਹੋਰ ਅਮਲਾ ਨਹੀਂ ਭੇਜ ਰਿਹਾ। ਪਾਕਿਸਤਾਨ ਦੀ ਇਸ ਕਾਰਵਾਈ ਨਾਲ ਭਾਰਤ ਆਉਣ ਦੀ ਉਡੀਕ ਕਰ ਰਹੇ ਕਾਫੀ ਮੁਸਾਫਿਰ ਮੁਸ਼ਕਿਲ ਵਿੱਚ ਫਸ ਗਏ ਹਨ। ਭਾਰਤ ਵੱਲੋਂ ਕਸ਼ਮੀਰ ਦੇ ਪੁਰਗਠਨ ਤੋਂ ਬਾਅਦ ਪਾਕਿਸਤਾਨ ਨੇ ਸਖ਼ਤ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।


ਉੱਧਰ, ਅਟਾਰੀ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਅਰਵਿੰਦਰ ਕੁਮਾਰ ਗੁਪਤਾ ਨੇ ਦੱਸਿਆ ਕਿ ਅੱਜ ਸਮਝੌਤਾ ਐਕਸਪ੍ਰੈਸ ਨੇ ਪਾਕਿਸਤਾਨ ਤੋਂ ਭਾਰਤ ਆਉਣਾ ਸੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਾਲੇ ਪਾਸਿਓਂ ਸੁਨੇਹਾ ਪ੍ਰਾਪਤ ਹੋਇਆ ਹੈ ਕਿ ਉਹ ਸਮਝੌਤਾ ਐਕਸਪ੍ਰੈਸ ਨਾਲ ਆਪਣਾ ਡਰਾਈਵਰ ਤੇ ਗਾਰਡ ਨਹੀਂ ਭੇਜ ਰਹੇ। ਪਾਕਿਸਤਾਨ ਨੇ ਭਾਰਤ ਨੂੰ ਆਪਣਾ ਚਾਲਕ ਦਲ ਭੇਜਣ ਦੀ ਪੇਸ਼ਕਸ਼ ਵੀ ਕਰ ਦਿੱਤੀ ਹੈ।



ਗੁਪਤਾ ਨੇ ਕਿਹਾ ਕਿ ਪਾਕਿਸਤਾਨ ਨੇ ਇਹ ਵੀ ਕਿਹਾ ਹੈ ਕਿ ਜੇਕਰ ਭਾਰਤ ਚਾਹੇ ਤਾਂ ਉਹ ਆਪਣਾ ਡਰਾਈਵਰ ਤੇ ਹੋਰ ਅਮਲਾ ਭੇਜ ਦੇਵੇ ਤੇ ਟਰੇਨ ਲੈ ਜਾਵੇ। ਚਾਲਕ ਦਲ ਦੇ ਉਹੀ ਮੈਂਬਰ ਭੇਜੇ ਜਾਣ ਜਿਨ੍ਹਾਂ ਕੋਲ ਵੀਜ਼ਾ ਹੈ। ਉਹ ਸਾਰੇ ਜਣੇ ਸਮਝੌਤਾ ਐਕਸਪ੍ਰੈਸ ਨੂੰ ਭਾਰਤ ਲਿਜਾ ਸਕਦੇ ਹਨ। ਪਾਕਿਸਤਾਨ ਸੁਰੱਖਿਆ ਕਾਰਨਾਂ ਕਰਕੇ ਆਪਣਾ ਚਾਲਕ ਤੇ ਹੋਰ ਅਮਲੇ ਨੂੰ ਟਰੇਨ ਨਾਲ ਨਹੀਂ ਭੇਜ ਰਿਹਾ।