Pakistan Bomb Blast : ਗੁਆਂਢੀ ਦੇਸ਼ ਪਾਕਿਸਤਾਨ 'ਚ ਬੰਬ ਧਮਾਕਾ ਹੋਇਆ ਹੈ। ਸੋਮਵਾਰ ਨੂੰ ਇਹ ਧਮਾਕਾ ਕਵੇਟਾ ਦੇ ਕੰਧਾਰੀ ਬਾਜ਼ਾਰ 'ਚ ਹੋਇਆ ਹੈ। ਅੱਤਵਾਦੀਆਂ ਨੇ ਪੁਲਿਸ ਦੀ ਇੱਕ ਗੱਡੀ ਨੂੰ ਨਿਸ਼ਾਨਾ ਬਣਾਇਆ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ 'ਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 15 ਲੋਕ ਜ਼ਖਮੀ ਦੱਸੇ ਜਾ ਰਹੇ ਹਨ।


ਰਿਪੋਰਟ ਮੁਤਾਬਕ ਜਿੱਥੇ ਧਮਾਕਾ ਹੋਇਆ, ਉੱਥੇ ਬਾਜ਼ਾਰ 'ਚ ਕਾਫੀ ਭੀੜ ਸੀ ਅਤੇ ਲੋਕ ਖਰੀਦਦਾਰੀ ਕਰ ਰਹੇ ਸਨ। ਧਮਾਕੇ 'ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲੀਸ ਨੇ ਬਾਜ਼ਾਰ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ।


ਇਹ ਵੀ ਪੜ੍ਹੋ :  ਕੌਣ ਹੈ ਅੰਮ੍ਰਿਤਪਾਲ ਦੀ ਸੱਜੀ ਬਾਂਹ ਪਪਲਪ੍ਰੀਤ? ਅੰਮ੍ਰਿਤਪਾਲ ਤੋਂ ਵੀ ਪਹਿਲਾਂ ਸੀ ਐਕਟਿਵ

ਕਵੇਟਾ ਹਸਪਤਾਲ ਦੇ ਬੁਲਾਰੇ ਵਸੀਮ ਬੇਗ ਨੇ ਮੀਡੀਆ ਨੂੰ ਦੱਸਿਆ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 15 ਜ਼ਖਮੀਆਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਜਦਕਿ ਚਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖਮੀਆਂ ਬਾਰੇ ਉਨ੍ਹਾਂ ਦੱਸਿਆ ਕਿ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਪੁਲਿਸ ਦੀ ਕਾਰ 'ਤੇ ਹਮਲਾ

ਮੀਡੀਆ ਰਿਪੋਰਟਾਂ ਮੁਤਾਬਕ ਇਹ ਹਮਲਾ ਐਕਟਿੰਗ ਸੁਪਰਡੈਂਟ ਆਫ ਪੁਲਿਸ ਦੀ ਗੱਡੀ 'ਤੇ ਹੋਇਆ, ਜੋ ਕੰਧਾਰੀ ਬਾਜ਼ਾਰ 'ਚ ਖੜੀ ਸੀ। ਸ਼ੁਰੂਆਤੀ ਰਿਪੋਰਟਾਂ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਇੱਕ ਵਿਸਫੋਟਕ ਯੰਤਰ ਵਾਹਨ ਦੇ ਪਿੱਛੇ ਖੜ੍ਹੇ ਇੱਕ ਮੋਟਰਸਾਈਕਲ ਵਿੱਚ ਲਾਇਆ ਗਿਆ ਸੀ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।


ਇਹ ਵੀ ਪੜ੍ਹੋ :  ਪਟਿਆਲਾ -ਰਾਜਪੁਰਾ ਰੋਡ 'ਤੇ ਛੇਵੀਂ ਕਲਾਸ ਦੇ ਬੱਚੇ ਦੀ ਸੜਕ ਹਾਦਸੇ 'ਚ ਮੌਤ , ਪਰਿਵਾਰ ਦਾ ਰੋ -ਰੋ ਬੁਰਾ ਹਾਲ

ਇਸ ਧਮਾਕੇ ਤੋਂ ਬਾਅਦ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਸੜਕਾਂ 'ਤੇ ਮਲਬਾ ਫੈਲਿਆ ਹੋਇਆ ਹੈ। ਹਫੜਾ-ਦਫੜੀ ਦਾ ਮਾਹੌਲ ਹੈ। ਲੋਕ ਦਹਿਸ਼ਤ ਵਿੱਚ ਭੱਜ ਰਹੇ ਹਨ।