US Gun Shooting : ਅਮਰੀਕਾ ਵਿੱਚ ਬੰਦੂਕਾਂ ਨਾਲ ਹਮਲੇ ਦੀਆਂ ਘਟਨਾਵਾਂ ਨਿੱਤ ਸਾਹਮਣੇ ਆ ਰਹੀਆਂ ਹਨ। ਹੁਣ ਇੱਥੇ ਫਲੋਰੀਡਾ ਦੇ ਓਰਲੈਂਡੋ ਸ਼ਹਿਰ ਵਿੱਚ ਗੋਲੀਬਾਰੀ ਹੋਈ ਹੈ। ਪੁਲਸ ਨੇ ਦੱਸਿਆ ਕਿ ਗੋਲੀਬਾਰੀ 'ਚ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।

 

ਓਰਲੈਂਡੋ ਵਿਚ ਗੋਲੀਬਾਰੀ ਦੀ ਇਹ ਘਟਨਾ ਐਤਵਾਰ (9 ਅਪ੍ਰੈਲ) ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 2:25 ਵਜੇ (06:25 GMT) ਵਾਪਰੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸ਼ੱਕੀ ਘਰੇਲੂ ਹਿੰਸਾ ਦੀ ਘਟਨਾ ਸੀ, ਇਸ ਘਟਨਾ ਤੋਂ ਬਾਅਦ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਪੁਲਿਸ ਟੀਮ ਦੀ ਵੈਨ ਦੇ ਸਾਇਰਨ ਗੂੰਜਣ ਲੱਗੇ। ਪੁਲਿਸ ਗੋਲੀ ਲੱਗਣ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀਆਂ ਲਾਸ਼ਾਂ ਦੀ ਸ਼ਨਾਖਤ ਕਰਨ ਵਿੱਚ ਲੱਗੀ ਹੋਈ ਹੈ। ਓਰਲੈਂਡੋ ਸਿਟੀ ਪੁਲਿਸ ਵਿਭਾਗ ਨੇ ਕਿਹਾ ਕਿ ਦੋਸ਼ੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।



 

ਇਸ ਦੇਸ਼ ਵਿੱਚ ਵੱਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ  


ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਸਾਲ ਯਾਨੀ 2023 ਦੇ ਸ਼ੁਰੂਆਤੀ ਮਹੀਨਿਆਂ 'ਚ ਇੱਥੇ ਸਮੂਹਿਕ ਗੋਲੀਬਾਰੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਪਿਛਲੇ ਮਹੀਨਿਆਂ ਦੌਰਾਨ 10 ਥਾਵਾਂ 'ਤੇ ਗੋਲੀਬਾਰੀ ਹੋਈ, ਇਨ੍ਹਾਂ ਘਟਨਾਵਾਂ 'ਚ 59 ਲੋਕਾਂ ਦੀ ਮੌਤ ਹੋ ਗਈ।

 


 

ਅਮਰੀਕਾ ਦਾ ਗਨ ਕਾਨੂੰਨ ਅਜਿਹੀਆਂ ਘਟਨਾਵਾਂ ਦੀ ਮੁੱਖ ਵਜ੍ਹਾ 

ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵਾਧੇ ਦਾ ਇੱਕ ਕਾਰਨ ਅਮਰੀਕਾ ਦਾ ਗਨ ਕਾਨੂੰਨ ਹੈ। ਦਰਅਸਲ, ਅਮਰੀਕਾ ਵਿੱਚ ਇਹ ਕਾਨੂੰਨ ਹੈ ਕਿ ਇੱਥੇ ਹਰ ਨਾਗਰਿਕ ਬੰਦੂਕ ਰੱਖ ਸਕਦਾ ਹੈ। ਇਸੇ ਕਰਕੇ ਇੱਥੇ ਘਰਾਂ ਵਿੱਚ ਬਹੁਤ ਸਾਰੀਆਂ ਬੰਦੂਕਾਂ ਹਨ। ਜਦੋਂ ਬੱਚਿਆਂ ਦੇ ਹੱਥਾਂ ਵਿੱਚ ਲੋਡਡ ਬੰਦੂਕ ਜਾਂ ਪਿਸਤੌਲ ਆ ਜਾਂਦੀ ਹੈ, ਬਦਕਿਸਮਤੀ ਨਾਲ ਗੋਲੀ ਚਲ ਜਾਂਦੀ ਹੈ। ਕਈ ਇਸ ਤਰ੍ਹਾਂ ਆਪਣੀ ਜਾਨ ਗੁਆ ​​ਚੁੱਕੇ ਹਨ।

 

ਹਰ ਰੋਜ਼ ਇੱਥੇ ਕਿਤੇ ਨਾ ਕਿਤੇ ਗੋਲੀਬਾਰੀ ਵਿੱਚ ਲੋਕ ਆਪਣੀ ਜਾਨ ਗੁਆ ​​ਰਹੇ ਹਨ। ਇਸੇ ਲਈ ਅਮਰੀਕੀ ਬੰਦੂਕ ਕਾਨੂੰਨ ਹੁਣ ਖੁਦ ਅਮਰੀਕੀ ਸਰਕਾਰ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ। 'ਬੰਦੂਕ ਕਲਚਰ' ਨੂੰ ਰੋਕਣ ਲਈ ਸਰਕਾਰ ਹੁਣ ਬੰਦੂਕਾਂ ਦੀ ਖ਼ਰੀਦ ਪ੍ਰਕਿਰਿਆ 'ਚ ਸਖ਼ਤ ਨਿਯਮ ਲਿਆਉਣ ਦੀ ਤਿਆਰੀ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਸਮਾਜ ਵਿੱਚ ਬੰਦੂਕਾਂ ਦੀ ਗਿਣਤੀ ਘੱਟ ਹੋਵੇਗੀ।